- ਗ੍ਰਿਫਤਾਰ ਮੁਲਜ਼ਮ ਬਠਿੰਡਾ ਦੇ ਪਿੰਡ ਪਥਰਾਲਾ ਰਾਹੀਂ ਹਰਿਆਣਾ ਭੱਜਣ ਦੀ ਕਰ ਰਹੇ ਸਨ ਕੋਸ਼ਿਸ਼ : ਡੀਜੀਪੀ ਪੰਜਾਬ
- ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਛੇੜੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਅਪਰਾਧ ਮੁਕਤ ਨਹੀਂ ਹੋ ਜਾਂਦਾ: ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ/ਬਠਿੰਡਾ, 27 ਜੁਲਾਈ 2022 – ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਉਹਨਾਂ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਬਠਿੰਡਾ ਦੇ ਪਿੰਡ ਪਥਰਾਲਾ ਰਾਹੀਂ ਹਰਿਆਣਾ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਵਿੱਢੀ ਜੰਗ ਦੌਰਾਨ ਮਿਲੀਆਂ ਸਫ਼ਲਤਾਵਾਂ ਵਿੱਚ ਇਹ ਇੱਕ ਹੋਰ ਵੱਡੀ ਪ੍ਰਾਪਤੀ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ ਉਰਫ਼ ਕਿੱਟਾ ਵਾਸੀ ਪਿੰਡ ਭੈਣੀ ਅਤੇ ਹਰਦੀਪ ਸਿੰਘ ਉਰਫ਼ ਮਾਮਾ ਵਾਸੀ ਪਿੰਡ ਆਕਲੀਆ ਜਲਾਲ ਜਿਲ੍ਹਾ ਬਠਿੰਡਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਇਹ ਦੋਵੇਂ ਪੰਜਾਬ ਪੁਲਿਸ ਨੂੰ ਕਈ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਵਿੱਚ ਲੋੜੀਂਦੇ ਹਨ।
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਸੱਤ ਪਿਸਤੌਲ (ਛੇ .32 ਬੋਰ ਅਤੇ ਇੱਕ .30 ਬੋਰ) ਸਮੇਤ ਗੋਲੀ ਸਿੱਕਾ ਅਤੇ ਏ.ਐਸ.ਆਈ ਰੈਂਕ ਦੀ ਪੁਲਿਸ ਵਰਦੀ ਵੀ ਬਰਾਮਦ ਕੀਤੀ ਹੈ। ਇਸਦੇ ਨਾਲ ਹੀ ਪੁਲਿਸ ਵੱਲੋਂ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ ਜਿਸਦੀ ਵਰਤੋਂ ਕਰਕੇ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਸਫ਼ਲਤਾ ਏਜੀਟੀਐਫ ਵੱਲੋਂ ਅੰਮ੍ਰਿਤਸਰ ਦੇ ਭਕਨਾ ਪਿੰਡ ਵਿੱਚ ਮੁਕਾਬਲੇ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਕਾਤਲਾਂ ਨੂੰ ਮਾਰ ਮੁਕਾਉਣ ਦੇ ਕੁਝ ਦਿਨ ਬਾਅਦ ਹਾਸਲ ਹੋਈ ਹੈ। ਜ਼ਿਕਰਯੋਗ ਹੈ ਕਿ ਗੋਲਡੀ ਬਰਾੜ, ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ, ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੋਲਡੀ ਬਰਾੜ ਦੇ ਦੋ ਸਾਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਥਿਆਰ ਲੈ ਕੇ ਮੋਟਰਸਾਈਕਲ ’ਤੇ ਸੂਬੇ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਬਾਰੇ ਭਰੋਸੇਯੋਗ ਸੂਚਨਾ ਮਿਲਣ ’ਤੇ ਏ.ਜੀ.ਟੀ.ਐਫ ਨੇ ਬਠਿੰਡਾ ਪੁਲੀਸ ਨਾਲ ਮਿਲ ਕੇ ਪਿੰਡ ਪਥਰਾਲਾ ਦੀ ਲਿੰਕ ਸੜਕ ’ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਕਾਬੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਜੈਸਲਮੇਰ ਵਿਖੇ ਰਾਜਸਥਾਨ ਦੇ ਗੈਂਗਸਟਰ ਕੈਲਾਸ਼ ਮੰਜੂ ਦੇ ਕਤਲ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜਦੋਂ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ।
ਇਸ ਤੋਂ ਇਲਾਵਾ ਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੇ ਗੈਂਗਸਟਰ ਸੁੱਖਾ ਦੁੱਨੇਕੇ ਦੇ ਤਿੰਨ ਸਾਥੀਆਂ ਡਾਗਰ, ਫਤਿਹ ਨਗਰ ਅਤੇ ਕੌਂਸਲ ਚੌਧਰੀ ਨੂੰ ਵੀ ਉਦੋਂ ਮਾਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ, ਜਦੋਂ ਨਕੋਦਰ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ਵਿੱਚ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।
ਗ੍ਰਿਫ਼ਤਾਰ ਕੀਤੇ ਇਨ੍ਹਾਂ ਦੋ ਵਿਅਕਤੀਆਂ ਦੇ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸਬੰਧਾਂ ਬਾਰੇ ਡੀਜੀਪੀ ਨੇ ਕਿਹਾ ਕਿ ਪੁਲੀਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਐਫਆਈਆਰ ਨੰ. 111 ਮਿਤੀ 25 ਜੁਲਾਈ 2022 ਨੂੰ ਅਸਲਾ ਐਕਟ ਦੀ ਧਾਰਾ 25 (1)ਏ/54/59 ਤਹਿਤ ਥਾਣਾ ਸੰਗਤ ਬਠਿੰਡਾ ਵਿਖੇ ਦਰਜ ਕੀਤੀ ਗਈ ਹੈ ਅਤੇ ਐਫ.ਆਈ.ਆਰ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 171 ਨੂੰ ਵੀ ਸ਼ਾਮਲ ਕੀਤਾ ਗਿਆ ਹੈ।