ਚੰਡੀਗੜ੍ਹ, 28 ਜੁਲਾਈ 2022 – ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਚਰਚਾ ਹੋਈ। ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ।
ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ 1 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਰੁਲਣ ਨਹੀਂ ਦੇਵਾਂਗੇ।
ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਭਗਤ ਸਿੰਘ ਦੀ ਕੁਰਬਾਨੀ ਕਰਕੇ ਹੋਈ ਹੈ। ਸੰਵਿਧਾਨ ਦੀ ਸਹੁੰ ਚੁੱਕ ਕੇ ਸ਼ਹੀਦਾਂ ਨੂੰ ਨਿੰਦਣਾ ਬਹੁਤ ਗਲਤ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਸਜ਼ਾ ਪੂਰੀ ਕਰ ਚੁੱਕੇ 100 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਵਿਨੋਦ ਘਈ ਪੰਜਾਬ ਦੇ ਏ.ਜੀ. ਹੋਣਗੇ ਅਤੇ ਬਿਨਾਂ ਸਿਫ਼ਾਰਿਸ਼ ਤੋਂ ਉਨ੍ਹਾਂ ਨੂੰ ਟੀਮ ਦਿੱਤੀ ਜਾਵੇਗੀ।
ਮਾਨ ਨੇ ਇਹ ਵੀ ਕਿਹਾ ਕਿ, ਅਸੀਂ ਜਿੰਨੇ ਮੁਲਾਜ਼ਮ ਪੱਕੇ ਕਰਨਾ ਚਾਹੁੰਦੇ ਹਾਂ, ਉਨ੍ਹੇਂ ਮੁਲਾਜ਼ਮ ਪਿਛਲੇ ਐਕਟਾਂ ਰਾਹੀਂ ਪੱਕੇ ਨਹੀਂ ਹੋ ਰਹੇ, ਇਸ ਲਈ ਅਸੀਂ ਪੁਰਾਣੀਆਂ ਸਰਕਾਰਾਂ ਨੇ ਦੋ ਐਕਟ ਬਣਾਏ ਸਨ, ਜਿਨ੍ਹਾਂ ਨੂੰ ਅਸੀਂ ਰੀਪੀਲ ਕਰਨਾ ਚਾਹੁੰਦੇ ਹਾਂ।
ਉਨ੍ਹਾਂ ਨੇ ਕੱਚੇ ਮੁਲਾਜ਼ਮਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ, ਕਾਹਲੀ ਨਾ ਕਰੋ ਅਸੀਂ ਜਲਦ ਹੀ ਤੁਹਾਨੂੰ ਪੱਕਾ ਕਰਾਂਗੇ। ਮੇਰਾ ਤੁਹਾਡੇ ਨਾਲ ਕੋਈ ਵੱਟਾ ਦਾ ਰੌਲਾ ਨਹੀਂ, ਅਸੀਂ ਜਲਦੀ ਹੀ ਤੁਹਾਨੂੰ ਪੱਕਾ ਕਰ ਦੇਵੇਗਾ। ਮਾਨ ਨੇ ਕਿਹਾ ਕਿ, ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਅਜਾਈ ਨਹੀਂ ਜਾਣ ਦਿਆਂਗੇ।