ਪੰਜਾਬ ਸਰਕਾਰ ਨੇ ਗਰਮੀ ਦੇ ਸੀਜਨ ਦੌਰਾਨ ਬਿਜਲੀ ਦੀ ਸਭ ਤੋਂ ਵੱਡੀ ਮੰਗ ਨੂੰ ਕੀਤਾ ਪੂਰਾ – ਬਿਜਲੀ ਮੰਤਰੀ

  • ਪੀ.ਐਸ.ਪੀ.ਸੀ.ਐਲ ਨੇ ਪਿਛਲੇ ਸਾਲ ਦੀ 13,431 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਰਿਕਾਰਡ 14,207 ਮੈਗਾਵਾਟ ਬਿਜਲੀ ਸਪਲਾਈ ਕੀਤੀ
  • ਸੂਬੇ ਦੀ ਮਾਰਚ ਤੋਂ ਜੁਲਾਈ, 2022 ਤੱਕ ਕੁੱਲ ਬਿਜਲੀ ਦੀ ਖਪਤ 31,505 ਮਿਲੀਅਨ ਯੂਨਿਟ ਰਹੀ ਹੈ ਜੋ ਕਿ ਪਿਛਲੇ ਸਾਲ ਦੀ ਖਪਤ 27,580 ਮਿਲੀਅਨ ਯੂਨਿਟ ਦੇ ਮੁਕਾਬਲੇ 14.23 ਫੀਸਦੀ ਵੱਧ ਹੈ

ਚੰਡੀਗੜ, 2 ਅਗਸਤ 2022 – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਵਾਅਦੇ ਅਨੁਸਾਰ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਲਵਾਈ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਸੂਬੇ ਦੇ ਸਾਰੇ ਖੇਤੀ ਟਿਊਬਵੈਲ ਕੁਨੈਕਸ਼ਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ 23 ਮਈ, 2022 ਨੂੰ 10 ਜੂਨ, 2022 ਤੋਂ ਸੂਬੇ ਭਰ ਦੇ ਸਾਰੇ ਏ.ਪੀ. ਟਿਊਬਵੈਲ ਕੁਨੈਕਸ਼ਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ।ਉਨ੍ਹਾਂ ਦੱਸਿਆ ਕਿ ਮਾਰਚ ਤੋਂ ਜੁਲਾਈ, 2022 ਦੇ ਗਰਮੀ ਦੇ ਸੀਜਨ ਦੌਰਾਨ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ 29 ਜੂਨ, 2022 ਨੂੰ 14,207 ਮੈਗਾਵਾਟ ਬਿਜਲੀ ਦੀ ਸਭ ਤੋਂ ਵੱਡੀ ਮੰਗ ਨੂੰ ਪੂਰਾ ਕਰਕੇ ਰਿਕਾਰਡ ਕਾਇਮ ਕੀਤਾ ਹੈ ਜੋ ਕਿ ਪਿਛਲੇ ਸਾਲ 01 ਜੁਲਾਈ, 2021 ਨੂੰ 13,431 ਮੈਗਾਵਾਟ ਬਿਜਲੀ ਦੀ ਸਭ ਤੋਂ ਵੱਡੀ ਮੰਗ ਦੇ ਮੁਕਾਬਲੇ 5.78 ਫੀਸਦੀ ਵੱਧ ਹੈ।

ਬਿਜਲੀ ਮੰਤਰੀ ਨੇ ਦੱਸਿਆ ਕਿ ਮਾਰਚ ਤੋਂ ਜੁਲਾਈ, 2022 ਤੱਕ ਸੂਬੇ ਵਿੱਚ ਕੁੱਲ ਬਿਜਲੀ ਦੀ ਖਪਤ 31,505 ਮਿਲੀਅਨ ਯੂਨਿਟ ਹੈ ਜੋ ਕਿ ਪਿਛਲੇ ਸਾਲ ਦੀ ਖਪਤ 27,580 ਮਿਲੀਅਨ ਯੂਨਿਟ ਦੇ ਮੁਕਾਬਲੇ 14.23 ਫੀਸਦੀ ਵੱਧ ਹੈ। ਉਨਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ ਚਾਲੂ ਸਾਲ ਦੌਰਾਨ 14207 ਮੈਗਾਵਾਟ ਬਿਜਲੀ ਦੀ ਸਭ ਤੋਂ ਵੱਡੀ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕਰਕੇ ਪਿਛਲੇ ਸਾਲ ਦੀ 13431 ਮੈਗਾਵਾਟ ਬਿਜਲੀ ਸਪਲਾਈ ਕਰਨ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਗਰਮੀ ਦੇ ਇਸ ਸੀਜ਼ਨ ਦੌਰਾਨ ਵਧ ਰਹੇ ਤਾਪਮਾਨ ਕਾਰਨ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ ਪਰ ਇਸ ਦੇ ਬਾਵਜੂਦ ਪੀ.ਐਸ.ਪੀ.ਸੀ.ਐਲ. ਵੱਲੋਂ ਖੇਤੀਬਾੜੀ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਅਤੇ ਹੋਰਨਾਂ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਬਿਨਾਂ ਬਿਜਲੀ ਕੱਟ ਲਗਾਏ 24 ਘੰਟੇ ਬਿਜਲੀ ਸਪਲਾਈ ਪ੍ਰਦਾਨ ਕੀਤੀ ਜਾ ਰਹੀ ਹੈ।

ਬਿਜਲੀ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਆਪਣੇ ਠੋਸ ਯਤਨਾਂ ਸਦਕਾ ਪੀ.ਐਸ.ਪੀ.ਸੀ.ਐਲ ਲਿੰਕੇਜ ਕੋਲੇ ਤੋਂ ਵੱਧ ਲਗਭਗ 17 ਲੱਖ ਮੀਟਰਕ ਟਨ ਦੇ ਕੋਲੇ ਦੇ ਵਾਧੂ ਪ੍ਰਬੰਧ ਕੀਤੇ ਹਨ।ਉਨਾਂ ਦੱਸਿਆ ਕਿ ਝੋਨਾ ਸੀਜਨ-2022 ਲਈ ਕੇਂਦਰੀ ਪੂਲ ਤੋਂ ਸੂਬੇ ਨੂੰ 1300 ਮੈਗਾਵਾਟ ਅਨਐਲੋਕੇਟਿਡ ਬਿਜਲੀ ਦੀ ਅਲਾਟਮੈਂਟ ਨਾਲ ਪੀ.ਐਸ.ਪੀ.ਸੀ.ਐਲ ਗਰਮੀ ਦੇ ਇਸ ਸੀਜਨ ਦੌਰਾਨ ਬਿਜਲੀ ਦੀ ਮੰਗ ਪੂਰੀ ਕਰਦਿਆਂ ਖਪਤਕਾਰਾਂ ਦੀ ਕਿਸੇ ਵੀ ਸ੍ਰੇਣੀ ’ਤੇ ਬਿਜਲੀ ਕੱਟ ਲਗਾਏ ਬਿਨਾਂ ਏ.ਪੀ. ਟਿਊਬਵੈਲ ਕੁਨੈਕਸ਼ਨਾਂ ਨੂੰ 8 ਘੰਟੇ ਸਪਲਾਈ ਅਤੇ ਹੋਰ ਸ੍ਰੇਣੀਆਂ ਦੇ ਖਪਤਕਾਰਾਂ ਨੂੰ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਹੈ।ਉਨ੍ਹਾਂ ਦੱਸਿਆ ਕਿ ਚਾਲੂ ਸਾਲ ਦੌਰਾਨ ਪੀ.ਐਸ.ਪੀ.ਸੀ.ਐਲ ਨੇ 3047 ਮੈਗਾਵਾਟ ਬਿਜਲੀ ਦੇ ਬੈਂਕਿੰਗ ਪ੍ਰਬੰਧ ਕੀਤੇ ਹਨ ਜੋ ਕਿ ਪਿਛਲੇ ਸਾਲ ਦੇ 2700 ਮੈਗਾਵਾਟ ਨਾਲੋਂ 12.85 ਫੀਸਦੀ ਵੱਧ ਹਨ।

ਪੰਜਾਬ ਦੇ ਬਿਜਲੀ ਮੰਤਰੀ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਦੇ ਮੱਦੇਨਜ਼ਰ ਪੀ.ਐਸ.ਪੀ.ਸੀ.ਐਲ. ਵੱਲੋਂ ਸਰੋਤਾਂ ਨੂੰ ਵਰਤਦਿਆਂ ਬਿਜਲੀ ਪ੍ਰਬੰਧਨ ਵਾਸਤੇ ‘ਡਿਮਾਂਡ ਸਾਈਡ ਮੈਨੇਜਮੈਂਟ’ (ਡੀ.ਐਸ.ਐਮ) ਸਬੰਧੀ ਵੱਖ-ਵੱਖ ਵਿਧੀਆਂ ਅਪਣਾਉਣ ਲਈ ਰਣਨੀਤੀ ਤਿਆਰ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਿਸਟਮ ਦੀ ਬਿਜਲੀ ਸਬੰਧੀ ਲੋੜ ਨੂੰ ਪੂਰਾ ਕਰਨ ਲਈ ਰਣਜੀਤ ਸਾਗਰ ਡੈਮ ਪਲਾਂਟ ਦੀ 3 ਨੰਬਰ ਯੂਨਿਟ ਦੇ ਕੰਡੈਂਸਰ ਮੋਡ, ਜਿਸ ਦੀ ਕਈ ਸਾਲਾਂ ਤੋਂ ਵਰਤੋਂ ਨਹੀਂ ਕੀਤੀ ਜਾ ਰਹੀ ਸੀ, ਨੂੰ ਸਿਸਟਮ ਵਿੱਚ ਬਿਜਲੀ ਦੀ 60 ਮੈਗਾ ਵੋਲਟ ਐਂਪੀਅਰ ਰੀਐਕਟਿਵ (ਐਮ.ਵੀ.ਏ.ਆਰ.) ਦੀ ਲੋੜ ਨੂੰ ਪੂਰਾ ਕਰਨ ਲਈ ਚਾਲੂ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਸ਼ੇਸ਼ ਮੁਹਿੰਮ ਤਹਿਤ ਸਿਸਟਮ ਦੀ ਮੈਗਾ ਵੋਲਟ ਐਂਪੀਅਰ ਰਿਐਕਟਿਵ ਸਮਰੱਥਾ ਵਧਾਈ ਗਈ ਹੈ, ਜਿਸ ਵਿੱਚ ਗਰਿੱਡ ਸਬ ਸਟੇਸ਼ਨਾਂ `ਤੇ 251 ਯੂਨਿਟ ਦੇ ਕੈਪੇਸੀਟਰ ਬੈਂਕਾਂ ਨਾਲ 341.61 ਮੈਗਾ ਵੋਲਟ ਐਂਪੀਅਰ ਰਿਐਕਟਿਵ ਸਮਰੱਥਾ ਅਤੇ ਸਿਸਟਮ ਦੇ ਵੋਲਟੇਜ ਪ੍ਰੋਫਾਈਲ ਨੂੰ ਬਿਹਤਰ ਬਣਾਉਣ ਲਈ 11 ਕੇ.ਵੀ. ਫੀਡਰ ‘ਤੇ ਲੋੜੀਂਦੀ ਸਮਰੱਥਾ ਦੇ ਸ਼ੰਟ ਕੈਪੇਸੀਟਰ ਲਗਾ ਕੇ ਵਧਾਇਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਕਤਲ ਕਾਂਡ: ਰਾਜਸਥਾਨ ਦੇ ਹਿਸਟਰੀ ਸ਼ੀਟਰ ਨੂੰ ਪੁਲਿਸ ਨੇ ਲਿਆਂਦਾ ਪੰਜਾਬ

ਸਵਾਮੀਨਾਥਨ ਰਿਪੋਰਟ ਨੂੰ ਇੰਨ ਬਿਨ ਲਾਗੂ ਕੀਤਾ ਜਾਵੇ : ਹਰਸਿਮਰਤ ਬਾਦਲ