- ਕੁਝ ਦਿਨ ਪਹਿਲਾਂ ਦੋਵਾਂ ਨੇ ਭੱਜ ਕੇ ਕੀਤਾ ਸੀ ਵਿਆਹ
ਮੋਹਾਲੀ, 4 ਅਗਸਤ 2022 – ਨਵ-ਵਿਆਹੁਤਾ ਜੋੜੇ ਨੇ ਮੋਹਾਲੀ ਦੇ ਸੋਹਾਣਾ ਦੇ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਦੋਵਾਂ ਪਤੀ-ਪਤਨੀ ਨੇ ਹੋਟਲ ਦੇ ਕਮਰੇ ਵਿੱਚ ਇਕੱਠੇ ਫਾਹਾ ਲੈ ਲਿਆ। ਕਮਰੇ ‘ਚੋਂ ਚੀਕਾਂ ਦੀ ਆਵਾਜ਼ ਸੁਣ ਕੇ ਜਦੋਂ ਹੋਟਲ ਸਟਾਫ ਉਥੇ ਪਹੁੰਚਿਆ ਤਾਂ ਕਮਰੇ ਦਾ ਨਜ਼ਾਰਾ ਦੇਖ ਕੇ ਦੰਗ ਰਹਿ ਗਏ। ਦੋਵੇਂ ਪਤੀ-ਪਤਨੀ ਛੱਤ ਵਾਲੇ ਪੱਖੇ ਨਾਲ ਲਟਕ ਰਹੇ ਸਨ।
ਖੁਦਕੁਸ਼ੀ ਦੀ ਕੋਸ਼ਿਸ਼ ‘ਚ 26 ਸਾਲਾ ਪਤੀ ਦੀ ਮੌਤ ਹੋ ਗਈ, ਜਦਕਿ ਪਤਨੀ (24) ਵਾਲ-ਵਾਲ ਬਚ ਗਈ। ਹੁਣ ਉਹ ਪੀਜੀਆਈ ਚੰਡੀਗੜ੍ਹ ਵਿਖੇ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਦੋਵੇਂ ਉੱਤਰ ਪ੍ਰਦੇਸ਼ ਦੇ ਗਾਜ਼ੀਬਾਦ ਦੇ ਰਹਿਣ ਵਾਲੇ ਇਸ ਨਵ-ਵਿਆਹੇ ਜੋੜੇ ਨੇ ਆਪਣੇ ਪਰਿਵਾਰ ਵਾਲਿਆਂ ਦੇ ਖਿਲਾਫ ਪ੍ਰੇਮ ਵਿਆਹ ਕਰਵਾਇਆ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਪਰ ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ ਸੀ।
ਜਾਂਚ ਅਧਿਕਾਰੀ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਗਾਜ਼ੀਆਬਾਦ ਤੋਂ ਭੱਜ ਕੇ ਵਿਆਹ ਕਰਵਾ ਕੇ ਆਏ ਸਨ ਕਿਉਂਕਿ ਲੜਕੀ ਦੇ ਮਾਤਾ-ਪਿਤਾ ਨੇ ਗਾਜ਼ੀਆਬਾਦ ਪੁਲਸ ਸਟੇਸ਼ਨ ‘ਚ ਨੌਜਵਾਨ ਅਤੇ ਉਸ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਲੜਕੀ ਦੇ ਮਾਪਿਆਂ ਨੇ ਲੜਕੇ ‘ਤੇ ਉਨ੍ਹਾਂ ਦੀ ਲੜਕੀ ਨੂੰ ਭਜਾਉਣ ਦਾ ਦੋਸ਼ ਲਗਾਇਆ ਸੀ।
ਵਿਆਹ ਤੋਂ ਬਾਅਦ ਦੋਵੇਂ ਗਾਜ਼ੀਆਬਾਦ ਤੋਂ ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਦੇ ਦਰਸ਼ਨਾਂ ਲਈ ਚਲੇ ਗਏ ਸਨ। ਉਥੋਂ ਦੋਵੇਂ 1 ਅਗਸਤ ਨੂੰ ਮੋਹਾਲੀ ਪਹੁੰਚੇ। ਇੱਥੇ ਉਸ ਨੇ ਸੋਹਾਣਾ ਦੇ ਇੱਕ ਹੋਟਲ ਵਿੱਚ ਕਿਰਾਏ ’ਤੇ ਕਮਰਾ ਲਿਆ ਸੀ।
ਨਵੇਂ ਵਿਆਹੇ ਜੋੜੇ ਨੂੰ ਡਰ ਸੀ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਲੱਗ ਗਿਆ ਹੈ ਅਤੇ ਲੜਕੀ ਦਾ ਪਰਿਵਾਰ ਮੋਹਾਲੀ ਪਹੁੰਚ ਕੇ ਉਸ ਨੂੰ ਲੈ ਜਾਵੇਗਾ। ਇਸ ਤੋਂ ਘਬਰਾ ਕੇ ਪਤੀ-ਪਤਨੀ ਨੇ ਇਕੱਠੇ ਮਰਨ ਬਾਰੇ ਸੋਚਿਆ। ਦੋਵਾਂ ਨੇ ਹੋਟਲ ਦੇ ਕਮਰੇ ‘ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਹੋਟਲ ਸਟਾਫ਼ ਕਮਰੇ ‘ਚ ਪਹੁੰਚਿਆ ਪਰ ਪਤੀ ਦੀ ਮੌਤ ਹੋ ਚੁੱਕੀ ਸੀ। ਹੋਟਲ ਦੇ ਕਰਮਚਾਰੀਆਂ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲੀਸ ਨੇ ਲੜਕੀ ਨੂੰ ਤੁਰੰਤ ਫੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ।