ਨਵੀਂ ਦਿੱਲੀ, 5 ਅਗਸਤ 2022 – ਇੰਗਲੈਂਡ ਦੇ ਬਰਮਿੰਘਮ ‘ਚ ਖੇਡੀਆਂ ਜਾ ਰਹੀਆਂ 22ਵੀਆਂ Commonwealth Games 2022 ‘ਚ ਵੀਰਵਾਰ (4 ਅਗਸਤ) ਨੂੰ ਇਕ ਹਾਕੀ ਮੈਚ ‘ਚ ਖਿਡਾਰੀਆਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਮਾਮਲਾ ਇਸ ਹੱਦ ਤੱਕ ਪਹੁੰਚ ਗਿਆ ਕਿ ਇੱਕ ਖਿਡਾਰੀ ਨੇ ਦੂਜੇ ਦੀ ਗਰਦਨ ਫੜ ਲਈ। ਉਨ੍ਹਾਂ ਨੇ ਇਕ-ਦੂਜੇ ਦੀਆਂ ਟੀ-ਸ਼ਰਟਾਂ ਵੀ ਖਿੱਚ ਲਈਆਂ। ਫਿਰ ਅੰਪਾਇਰ ਨੂੰ ਬਚਾਅ ਲਈ ਵਿਚਾਲੇ ਆਉਣਾ ਪਿਆ।
ਦਰਅਸਲ ਮੈਚ ‘ਚ ਇਹ ਝਗੜਾ ਅੱਧੇ ਸਮੇਂ ਦੇ ਬਿਗਲ ਤੋਂ ਕੁਝ ਮਿੰਟ ਪਹਿਲਾਂ ਹੋਇਆ ਸੀ। ਉਦੋਂ ਇੰਗਲੈਂਡ ਨੇ 4-1 ਦੀ ਲੀਡ ਲੈ ਲਈ ਸੀ ਅਤੇ ਕੈਨੇਡਾ ਦੀ ਟੀਮ ਗੋਲ ਨੂੰ ਲੈ ਕੇ ਲਗਾਤਾਰ ਹਮਲਾਵਰ ਰਵੱਈਆ ਅਪਣਾ ਰਹੀ ਸੀ। ਇਸ ਦੌਰਾਨ ਕੈਨੇਡਾ ਦੇ ਬਲਰਾਜ ਪਨੇਸਰ ਅਤੇ ਇੰਗਲੈਂਡ ਦੇ ਕ੍ਰਿਸ ਗ੍ਰਿਫਿਥ ਵਿਚਾਲੇ ਗੇਂਦ ਨੂੰ ਖੋਹਣ ਲਈ ਜ਼ਬਰਦਸਤ ਲੜਾਈ ਹੋਈ।
ਇਸ ਦੌਰਾਨ ਖੇਡਦੇ ਹੋਏ ਬਲਰਾਜ ਦੀ ਹਾਕੀ ਸਟਿੱਕ ਗ੍ਰਿਫਿਥ ਦੇ ਹੱਥ ‘ਤੇ ਲੱਗ ਗਈ। ਇਸ ਤੋਂ ਨਾਰਾਜ਼ ਹੋ ਕੇ ਇੰਗਲਿਸ਼ ਖਿਡਾਰੀ ਨੇ ਪਨੇਸਰ ਨੂੰ ਧੱਕਾ ਦੇ ਦਿੱਤਾ। ਫਿਰ ਕੀ ਸੀ, ਦੋਵੇਂ ਖਿਡਾਰੀ ਗੁੱਸੇ ਵਿਚ ਆ ਗਏ ਅਤੇ ਪਨੇਸਰ ਨੇ ਗ੍ਰਿਫਿਥ ਦਾ ਗਲਾ ਫੜ ਲਿਆ। ਜਿਸ ਤੋਂ ਬਾਅਦ ਦੋਵਾਂ ਖਿਡਾਰੀਆਂ ਨੇ ਇਕ-ਦੂਜੇ ਦੀਆਂ ਟੀ-ਸ਼ਰਟਾਂ ਵੀ ਫੜ ਲਈਆਂ ਅਤੇ ਖਿੱਚੀਆਂ।
ਇਸ ਲੜਾਈ ਨੂੰ ਦੇਖਦੇ ਹੋਏ ਦੋਵਾਂ ਟੀਮਾਂ ਦੇ ਖਿਡਾਰੀ ਅਤੇ ਮੈਚ ਰੈਫਰੀ ਆ ਗਏ। ਮਾਮਲਾ ਵਧਣ ਪਹਿਲਾਂ ਹੀ ਉਹਨਾਂ ਨੇ ਦੋਵਾਂ ਨੂੰ ਵੱਖ ਕਰ ਦਿੱਤਾ। ਇੱਥੇ ਰੈਫਰੀ ਨੇ ਪਨੇਸਰ ਨੂੰ ਲੜਾਈ ਦੀ ਪਹਿਲ ਕਰਨ ਲਈ ਲਾਲ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਕਰ ਦਿੱਤਾ। ਜਦਕਿ ਗ੍ਰਿਫਿਥ ਨੂੰ ਪੀਲਾ ਕਾਰਡ ਦਿਖਾ ਕੇ ਚੇਤਾਵਨੀ ਦਿੱਤੀ ਗਈ ਸੀ।
ਇਹ ਮੈਚ ਮੇਜ਼ਬਾਨ ਟੀਮ ਇੰਗਲੈਂਡ ਅਤੇ ਕੈਨੇਡਾ ਵਿਚਾਲੇ ਖੇਡਿਆ ਜਾ ਰਿਹਾ ਸੀ। ਇਸ ਮੈਚ ‘ਚ ਇੰਗਲੈਂਡ ਨੇ 11-2 ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਮੇਜ਼ਬਾਨ ਟੀਮ ਇਸ ਗਰੁੱਪ ਵਿੱਚ ਦੂਜੇ ਸਥਾਨ ’ਤੇ ਰਹੀ ਅਤੇ ਭਾਰਤੀ ਟੀਮ ਸਿਖਰ ’ਤੇ ਰਹੀ। ਹੁਣ ਸੈਮੀਫਾਈਨਲ ‘ਚ ਇੰਗਲੈਂਡ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਜਦੋਂ ਕਿ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਜਾਂ ਨਿਊਜ਼ੀਲੈਂਡ ਤੋਂ ਹੋ ਸਕਦਾ ਹੈ।