ਖੁਰਦ, 7 ਅਗਸਤ 2022 – ਮੋਹਾਲੀ ਦੇ ਖਰੜ ‘ਚ ਕੁੱਤਿਆਂ ਦੇ ਤਿੰਨ ਬੱਚੇ ਬੋਰਵੈੱਲ ‘ਚ ਡਿੱਗ ਗਏ ਸਨ, ਜਿਨ੍ਹਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ। ਇਹ ਤਿੰਨੇ ਕਤੂਰੇ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਖਰੜ ਦੇ ਪਿੰਡ ਭਾਗੋ ਮਾਜਰਾ ਵਿੱਚ ਬੋਰਵੈੱਲ ਵਿੱਚ ਡਿੱਗ ਗਏ ਸਨ। ਉਨ੍ਹਾਂ ਨੂੰ 24 ਘੰਟਿਆਂ ਤੋਂ ਵੱਧ ਸਮੇਂ ਤੱਕ ਬੋਰਵੈੱਲ ਤੋਂ ਬਾਹਰ ਕੱਢਣ ਲਈ ਬਚਾਅ ਕਾਰਜ ਚਲਾਇਆ ਗਿਆ। ਐਨਡੀਆਰਐਫ ਦੀ ਟੀਮ ਨੂੰ ਵੀ ਬੁਲਾਇਆ ਗਿਆ, ਪਰ ਇਨ੍ਹਾਂ ਨੰਨ੍ਹੇ-ਮੁੰਨੇ ਕੁੱਤੇ ਦੇ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ।
ਕੁੱਤੇ ਦੇ ਇਹ ਬੱਚੇ 40 ਤੋਂ 50 ਫੁੱਟ ਡੂੰਘੇ ਬੋਰਵੈੱਲ ਦੇ ਟੋਏ ਵਿੱਚ ਫਸ ਗਏ ਸਨ। ਕਤੂਰੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਸਮਾਜ ਸੇਵੀ ਸੰਸਥਾ ‘ਰੱਬ ਦੇ ਜੀਵ’ ਐਨ.ਜੀ.ਓ. ਸੰਸਥਾ ਦੀ ਪ੍ਰਧਾਨ ਮੀਨਾਕਸ਼ੀ ਮਲਿਕ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੀ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਮੌਕੇ ‘ਤੇ ਭੇਜਿਆ ਗਿਆ। ਬਚਾਅ ਕਾਰਜ ਸ਼ੁੱਕਰਵਾਰ ਰਾਤ 1.30 ਵਜੇ ਤੱਕ ਜਾਰੀ ਰਿਹਾ ਪਰ ਤਿੰਨਾਂ ਕਤੂਰਿਆਂ ਨੂੰ ਬਾਹਰ ਕੱਢਣ ‘ਚ ਸਫਲਤਾ ਨਹੀਂ ਮਿਲੀ।
ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਸੰਗਠਨ ਦੀ ਪ੍ਰਧਾਨ ਮੀਨਾਕਸ਼ੀ ਮਲਿਕ ਨੇ ਪਸ਼ੂ ਪ੍ਰੇਮੀ ਅਤੇ ਭਾਜਪਾ ਸੰਸਦ ਮੇਨਕਾ ਗਾਂਧੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੇਨਕਾ ਗਾਂਧੀ ਨੇ ਖਰੜ ਦੇ ਐਸਡੀਐਮ ਨੂੰ ਕਿਹਾ ਕਿ ਉਹ ਬੋਰਵੈੱਲ ਵਿੱਚ ਡਿੱਗੇ ਕੁੱਤਿਆਂ ਨੂੰ ਬਚਾਉਣ ਲਈ ਤੁਰੰਤ ਟੀਮ ਭੇਜਣ। ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਇੱਕ ਜੇਸੀਬੀ ਨੂੰ ਮੌਕੇ ’ਤੇ ਭੇਜਿਆ ਗਿਆ। ਇਸ ਦੇ ਨਾਲ ਹੀ NDRF ਦੀ ਟੀਮ ਨੂੰ ਵੀ ਬੁਲਾਇਆ ਗਿਆ। ਜੇਸੀਬੀ ਤੋਂ ਬੋਰਵੈੱਲ ਨਾਲ ਖੁਦਾਈ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਦੁਪਹਿਰ ਬਾਅਦ ਐਨਡੀਆਰਐਫ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਕੁੱਤੇ ਦੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਖੁਦਾਈ ਦੌਰਾਨ ਮਿੱਟੀ ਡਿੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਸਮਾਜਿਕ ਸੰਸਥਾ ਦੇ ਮੈਂਬਰ ਬੋਰਵੈੱਲ ਦੇ ਟੋਏ ਵਿੱਚ ਫਸੇ ਇਨ੍ਹਾਂ ਕੁੱਤਿਆਂ ਨੂੰ ਬਚਾਉਣ ਲਈ ਪਾਈਪ ਰਾਹੀਂ ਦੁੱਧ ਅਤੇ ਬਿਸਕੁਟ ਪਾਉਂਦੇ ਰਹੇ ਤਾਂ ਜੋ ਭੁੱਖ ਕਾਰਨ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੰਸਥਾ ਅਤੇ ਐਨਡੀਆਰਐਫ ਦੀ ਟੀਮ ਵੀ ਉਨ੍ਹਾਂ ਨੂੰ ਬਚਾ ਨਹੀਂ ਸਕੀ। ਇਹ ਤਿੰਨੇ ਕਤੂਰੇ 10 ਤੋਂ 12 ਦਿਨਾਂ ਦੇ ਸਨ।
ਐਸਡੀਐਮ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਬੋਰਵੈੱਲ ਵਿੱਚ ਟੋਏ ਵਿੱਚ ਫਸੇ ਤਿੰਨ ਛੋਟੇ ਕਤੂਰਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਜੇਸੀਬੀ ਮਸ਼ੀਨ ਨਾਲ ਖੁਦਾਈ ਕੀਤੀ ਗਈ ਅਤੇ ਐਨਡੀਆਰਐਫ ਦੀ ਟੀਮ ਨੂੰ ਵੀ ਬੁਲਾਇਆ ਗਿਆ। ਇਹ ਬੋਰਵੈੱਲ ਟੋਇਆ ਪਿੰਡ ਭਾਗੋਮਾਜਰਾ ਦੀ ਸਰਪੰਚ ਕਲੋਨੀ ਵਿੱਚ ਇੱਕ ਘਰ ਦੇ ਬਾਹਰ ਪੁੱਟਿਆ ਗਿਆ ਹੈ ਅਤੇ ਇਹ ਘਰ ਸੰਦੀਪ ਨਾਮਕ ਵਿਅਕਤੀ ਦਾ ਦੱਸਿਆ ਜਾ ਰਿਹਾ ਹੈ।