ਚੰਡੀਗੜ੍ਹ, 8 ਅਗਸਤ 2022 – ਪੀਜੀਆਈ ਤੋਂ ਬਾਅਦ ਪੰਜਾਬ ਦੇ ਮਰੀਜ਼ਾਂ ਨੂੰ ਚੰਡੀਗੜ੍ਹ ਦੇ 2 ਵੱਡੇ ਹਸਪਤਾਲਾਂ, ਜੀਐਮਸੀਐਚ-32 ਅਤੇ ਜੀਐਮਐਸਐਚ-16 ਵਿੱਚ ਆਯੁਸ਼ਮਾਨ ਭਾਰਤ ਸਕੀਮ ਤਹਿਤ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਜੀਐਮਸੀਐਚ-32 ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਨੋਡਲ ਅਫਸਰ ਡਾ. ਦਾਸਰੀ ਹਰੀਸ਼ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕੁੱਲ 2.26 ਕਰੋੜ ਰੁਪਏ ਬਕਾਇਆ ਹਨ।
ਪੰਜਾਬ ਸਰਕਾਰ ਨੇ ਇਹ ਰਾਸ਼ੀ ਦੇਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਅਜੇ ਤੱਕ ਖਾਤੇ ‘ਚ ਰਾਸ਼ੀ ਜਮ੍ਹਾ ਨਹੀਂ ਹੋਈ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਮਰੀਜ਼ਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਇਸ ਸਕੀਮ ਦਾ ਲਾਭ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਸਕੀਮ ਤਹਿਤ ਰੋਜ਼ਾਨਾ ਨਵੇਂ ਅਤੇ ਪੁਰਾਣੇ ਮਰੀਜ਼ਾਂ ਸਮੇਤ 40 ਦੇ ਕਰੀਬ ਮਰੀਜ਼ ਆ ਰਹੇ ਹਨ।
ਦੂਜੇ ਪਾਸੇ ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ GMSH-16 ਦੇ ਕਰੀਬ 3 ਕਰੋੜ ਰੁਪਏ ਅਦਾ ਕੀਤੇ ਜਾਣੇ ਹਨ। ਇਸ ਦੇ ਬਾਵਜੂਦ ਹਸਪਤਾਲ ਨੇ ਇਸ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਨੂੰ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ। ਡਾਇਰੈਕਟਰ ਸਿਹਤ ਸੇਵਾਵਾਂ ਡਾ: ਸੁਮਨ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਮਰੀਜ਼ ਇਲਾਜ ਲਈ ਆ ਸਕਦੇ ਹਨ।
ਦੱਸ ਦੇਈਏ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਰੀਬ 15 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਨੇ 1 ਅਗਸਤ ਤੋਂ ਪੰਜਾਬ ਦੇ ਮਰੀਜ਼ਾਂ ਨੂੰ ਇਸ ਸਕੀਮ ਦਾ ਲਾਭ ਦੇਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ 5 ਅਗਸਤ ਨੂੰ ਕੇਂਦਰ ਦੇ ਸਿਹਤ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫਤਰ ਦੇ ਦਖਲ ਅਤੇ ਨਿਰਦੇਸ਼ਾਂ ਤੋਂ ਬਾਅਦ ਮੁੜ ਲਾਭ ਸ਼ੁਰੂ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਬਕਾਇਆ ਕਲੀਅਰ ਕਰਨ ਦਾ ਭਰੋਸਾ ਦਿੱਤਾ ਸੀ। ਹੁਣ ਬਕਾਇਆ ਕਲੀਅਰ ਹੋ ਗਿਆ ਹੈ।
ਚੰਡੀਗੜ੍ਹ ਵਿੱਚ ਰੋਜ਼ਾਨਾ ਪੰਜਾਬ ਤੋਂ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰ ਦੇ ਤਿੰਨੋਂ ਵੱਡੇ ਹਸਪਤਾਲਾਂ ਵਿੱਚ ਇਲਾਜ ਕਰਵਾਉਂਦੇ ਹਨ। ਇਸ ਦੌਰਾਨ ਜਿਨ੍ਹਾਂ ਮਰੀਜ਼ਾਂ ਕੋਲ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਕਾਰਡ ਹਨ, ਉਹ ਇਸ ਦਾ ਲਾਭ ਲੈਂਦੇ ਹਨ। ਇਕ ਜਾਣਕਾਰੀ ਅਨੁਸਾਰ ਇਕੱਲੇ ਪੀ.ਜੀ.ਆਈ. ਵਿਚ ਪੰਜਾਬ ਤੋਂ ਰੋਜ਼ਾਨਾ 2 ਹਜ਼ਾਰ ਦੇ ਕਰੀਬ ਮਰੀਜ਼ ਇਲਾਜ ਲਈ ਆਉਂਦੇ ਹਨ। ਇਸ ਦੇ ਨਾਲ ਹੀ ਹੋਰ ਹਸਪਤਾਲਾਂ ਵਿੱਚ ਵੀ ਪੰਜਾਬ ਦੇ ਮਰੀਜ਼ ਵੱਡੀ ਗਿਣਤੀ ਵਿੱਚ ਆਉਂਦੇ ਹਨ।
ਚੰਡੀਗੜ੍ਹ ਵਿੱਚ ਆਧੁਨਿਕ ਸਿਹਤ ਸਹੂਲਤਾਂ ਅਤੇ ਬਿਹਤਰ ਇਲਾਜ ਹੋਣ ਕਾਰਨ ਪੰਜਾਬ ਸਮੇਤ ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਆਸ-ਪਾਸ ਤੋਂ ਵੀ ਮਰੀਜ਼ ਆਉਂਦੇ ਹਨ।