ਲੁਧਿਆਣਾ, 10 ਅਗਸਤ 2022 – ਪੁਲੀਸ ਨੇ ਦੋ ਥਾਵਾਂ ’ਤੇ ਛਾਪੇਮਾਰੀ ਕਰਕੇ ਨਾਜਾਇਜ਼ ਮਾਈਨਿੰਗ ਕਰ ਰਹੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇੱਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਜੇਸੀਬੀ, ਟਰੱਕ ਅਤੇ ਦੋ ਟਰੈਕਟਰ ਟਰਾਲੀਆਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਖ਼ਿਲਾਫ਼ ਦੋ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਥਾਣਾ ਕੂੰਮਕਲਾਂ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਘੁਮਾਣੀਆਂ ‘ਚ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ |
ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਟਰੱਕ ਅਤੇ ਇਕ ਜੇ.ਸੀ.ਬੀ. ਬਰਾਮਦ ਕੀਤੀ ਗਈ ਹੈ। ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਚੰਦਰ ਪਾਲ ਅਤੇ ਸ਼ਿੰਦਰ ਸਿੰਘ ਵਜੋਂ ਹੋਈ ਹੈ। ਜਦਕਿ ਪੁਲਿਸ ਸੁਨੀਲ ਕੁਮਾਰ ਵਾਸੀ ਪਿੰਡ ਕੂੰਮ ਖੁਰਦ ਦੀ ਤਲਾਸ਼ ਕਰ ਰਹੀ ਹੈ। ਮੁਲਜ਼ਮ ਚੰਦਰ ਪਾਲ ਅਤੇ ਸ਼ਿੰਦਰ ਸਿੰਘ ਆਪਣੀ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਸਨ।
ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਮਹਿਰਾਬਾਂ ਦੀ ਪੁਲਸ ਨੇ ਪਿੰਡ ਧਨਾਨਸੂ ਤੋਂ ਪਿੰਡ ਕਡਿਆਣਾ ਕਲਾਂ ਰੋਡ ‘ਤੇ ਚੱਲ ਰਹੀ ਨਾਜਾਇਜ਼ ਮਾਈਨਿੰਗ ‘ਤੇ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ ਰੇਤ ਨਾਲ ਭਰੀਆਂ ਦੋ ਟਰੈਕਟਰ ਟਰਾਲੀਆਂ ਬਰਾਮਦ ਹੋਈਆਂ ਹਨ। ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਮਨਜ਼ੂਰ ਹੁਸੈਨ ਵਾਸੀ ਪਿੰਡ ਖਾਸੀ ਕਲਾਂ ਵਜੋਂ ਹੋਈ ਹੈ।