ਗੁਰਦਾਸਪੁਰ, 11 ਅਗਸਤ 2022 – ਕੌਮਾਂਤਰੀ ਸਰਹੱਦ ‘ਤੇ ਤਣਾਅ ਦੇ ਬਾਵਜੂਦ ਭਾਰਤ ਨੇ ਇਨਸਾਨੀਅਤ ਦਿਖਾਉਂਦੇ ਹੋਏ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿ ਰੇਂਜਰਾਂ ਹਵਾਲੇ ਕਰ ਦਿੱਤਾ ਹੈ। ਇਹ ਦੋਵੇਂ ਪਾਕਿਸਤਾਨੀ ਨਾਗਰਿਕ ਬੁੱਧਵਾਰ ਦੁਪਹਿਰ ਨੂੰ ਭਾਰਤੀ ਸਰਹੱਦ ‘ਚ ਘੁੰਮਦੇ ਫੜੇ ਗਏ ਸਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿ ਸਰਹੱਦ ‘ਤੇ ਲਗਾਤਾਰ ਆਰ.ਡੀ.ਐਕਸ-ਆਈ.ਈ.ਡੀ., ਹੈਂਡ ਗ੍ਰਨੇਡ ਅਤੇ ਹਥਿਆਰ ਮਿਲ ਰਹੇ ਹਨ ਪਰ ਇਸ ਤਣਾਅ ਦੇ ਵਿਚਕਾਰ ਵੀ ਭਾਰਤ ਨੇ ਇਨਸਾਨੀਅਤ ਦਾ ਸਬੂਤ ਦਿੱਤਾ ਹੈ।
ਬੀਤੇ ਦਿਨ ਬੀਐਸਐਫ ਨੇ ਪੰਜਾਬ ਦੇ ਗੁਰਦਾਸਪੁਰ ਸੈਕਟਰ ਤੋਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਭਾਰਤੀ ਸਰਹੱਦ ਵਿੱਚ ਘੁੰਮ ਰਹੇ ਸਨ। ਦੋਵੇਂ ਪਾਕਿਸਤਾਨੀ ਨਾਗਰਿਕਾਂ ਦੀ ਪਛਾਣ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਅਧੀਨ ਪੈਂਦੇ ਪਿੰਡ ਭੋਲਾ ਭਜਵਾ ਦੇ 26 ਸਾਲਾ ਕਿਸਾਨ ਮਸੀਹ ਅਤੇ 18 ਸਾਲਾ ਰਬੀਜ਼ ਮਸੀਹ ਵਜੋਂ ਹੋਈ ਹੈ। ਦੋਵਾਂ ਨੂੰ ਬੀਓਪੀ ਡੀਬੀਐਨ ਟਾਊਨ ਅਧੀਨ ਭਾਰਤੀ ਸਰਹੱਦ ਦੇ 10 ਮੀਟਰ ਅੰਦਰੋਂ ਗ੍ਰਿਫ਼ਤਾਰ ਕੀਤਾ ਗਿਆ। ਬੀਐਸਐਫ ਨੂੰ ਦੋਵਾਂ ਕੋਲੋਂ 500 ਰੁਪਏ, ਦੋ ਸ਼ਨਾਖਤੀ ਕਾਰਡ, ਇੱਕ ਤੰਬਾਕੂ ਦਾ ਪੈਕਟ ਅਤੇ ਦੋ ਪਾਕਿਸਤਾਨੀ ਮੋਬਾਈਲ ਮਿਲੇ ਸਨ।
ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਪਾਕਿਸਤਾਨੀ ਨਾਗਰਿਕਾਂ ਤੋਂ ਪੁੱਛਗਿੱਛ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦੋਵੇਂ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਆ ਗਏ ਸਨ। ਜਿਸ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਅੰਤ ਵਿੱਚ ਦੋਵਾਂ ਨੂੰ ਵਾਪਸ ਪਾਕਿਸਤਾਨ ਭੇਜਣ ਦਾ ਫੈਸਲਾ ਕੀਤਾ ਗਿਆ।
ਬੀਐਸਐਫ ਦੇ ਜਵਾਨਾਂ ਨੇ ਰਾਤ ਸਮੇਂ ਪਾਕਿ ਰੇਂਜਰਾਂ ਨਾਲ ਸੰਪਰਕ ਬਣਾਇਆ। ਦੋਵਾਂ ਦੇਸ਼ਾਂ ਵਿਚਾਲੇ ਕਾਗਜ਼ੀ ਕਾਰਵਾਈ ਤੋਂ ਬਾਅਦ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਦੋਵਾਂ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। ਦੋਵਾਂ ਪਾਕਿਸਤਾਨੀ ਨਾਗਰਿਕਾਂ ਨੇ ਬੀਐਸਐਫ ਦਾ ਧੰਨਵਾਦ ਕੀਤਾ।