ਚੰਡੀਗੜ੍ਹ, 12 ਅਗਸਤ 2022 – ਪੰਜਾਬ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਸ਼ੁੱਕਰਵਾਰ ਨੂੰ ਕੋਈ ਬੰਦ ਨਹੀਂ ਹੋਵੇਗਾ। ਭਗਵਾਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਲਈ ਸਮਾਂ ਦਿੱਤੇ ਜਾਣ ਤੋਂ ਬਾਅਦ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਲਿਆ ਗਿਆ ਹੈ। 19 ਅਗਸਤ ਨੂੰ ਮੁੱਖ ਮੰਤਰੀ ਆਪਣੀਆਂ ਮੰਗਾਂ ਨੂੰ ਲੈ ਕੇ ਵਾਲਮੀਕਿ ਸਮਾਜ ਦੇ ਆਗੂਆਂ ਨਾਲ ਮੀਟਿੰਗ ਕਰਨਗੇ।
ਭਗਵਾਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਵੱਲੋਂ ਸਮਾਂ ਮਿਲਣ ਤੋਂ ਬਾਅਦ ਪੰਜਾਬ ਬੰਦ ਨਹੀਂ ਕਰਨਗੇ। ਉਨ੍ਹਾਂ ਦਾ ਮਕਸਦ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ। ਵਾਲਮੀਕਿ ਭਾਈਚਾਰੇ ਦੇ ਵਿਰੋਧ ਤੋਂ ਬਚਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀਰਵਾਰ ਸਵੇਰ ਤੋਂ ਹੀ ਸਰਗਰਮ ਸਨ।
ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੀ ਟਿੱਪਣੀ ਤੋਂ ਵਾਲਮੀਕਿ ਭਾਈਚਾਰਾ ਨਾਰਾਜ਼ ਹੈ। ਇਸ ਕਾਰਨ ਭਗਵਾਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਨੇ ਫ਼ਰਮਾਨ ਜਾਰੀ ਕਰਕੇ ਸ਼ੁੱਕਰਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਫ਼ਰਮਾਨ ਵਿੱਚ ਕਿਹਾ ਗਿਆ ਹੈ ਕਿ 12 ਅਗਸਤ ਨੂੰ ਪੰਜਾਬ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ।
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਰੱਖੜੀ ਤੋਂ ਬਾਅਦ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਗੰਨੇ ਦੇ ਬਕਾਏ ਨਾ ਮਿਲਣ ਨੂੰ ਲੈ ਕੇ ਇੱਕ ਹਫ਼ਤੇ ਤੋਂ ਫਗਵਾੜਾ ਵਿੱਚ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਧਰਨਾ ਦੇ ਰਹੇ ਕਿਸਾਨਾਂ ਨੇ ਹੁਣ ਤੱਕ ਸਿਰਫ਼ ਟੋਕਨ ਦੇ ਆਧਾਰ ’ਤੇ ਹੀ ਲੁਧਿਆਣਾ-ਜਲੰਧਰ ਹਾਈਵੇਅ ’ਤੇ ਜਾਮ ਲਾਇਆ ਹੋਇਆ ਹੈ। ਰੱਖੜੀ ਤੋਂ ਬਾਅਦ ਪੂਰਾ ਹਾਈਵੇਅ ਬੰਦ ਕਰ ਦਿੱਤਾ ਜਾਵੇਗਾ।
ਕਿਸਾਨਾਂ ਨੇ ਦੱਸਿਆ ਕਿ ਰੱਖੜੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਪੂਰੇ ਪੰਜਾਬ ਦੀਆਂ ਸੜਕਾਂ ਬੰਦ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ। ਪੰਜਾਬ ਦੀਆਂ ਸਾਰੀਆਂ ਖੰਡ ਮਿੱਲਾਂ ਵਿੱਚ ਕਿਸਾਨਾਂ ਦਾ ਪੈਸਾ ਫਸਿਆ ਹੋਇਆ ਹੈ। ਸਰਕਾਰ ਸਿਰਫ਼ ਭਰੋਸਾ ਦੇ ਰਹੀ ਹੈ ਪਰ ਪੈਸੇ ਦਿਵਾਉਣ ਵਿੱਚ ਕੋਈ ਮਦਦ ਨਹੀਂ ਕਰ ਰਹੀ।