ਲੁਧਿਆਣਾ, 12 ਅਗਸਤ 2022 – ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪੀ. ਏ. ‘ਤੇ ਸ਼ੁੱਕਰਵਾਰ ਸਵੇਰੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਇਆਲੀ ਚੌਂਕ ਨੇੜੇ ਰਵਨੀਤ ਬਿੱਟੂ ਦੇ ਪੀ. ਏ. ਹਰਜਿੰਦਰ ਸਿੰਘ ਢੀਂਡਸਾ ‘ਤੇ ਕਰੀਬ ਇਕ ਦਰਜਨ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ।
ਹਰਜਿੰਦਰ ਸਿੰਘ ਢੀਂਡਸਾ ਨੂੰ ਜ਼ਖ਼ਮੀ ਹਾਲਤ ਵਿੱਚ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਮੁੱਲਾਂਪੁਰ ਦਾਖਾ ਵਾਲੀ ਸਾਈਡ ਤੋਂ ਸ਼ਹਿਰ ਵੱਲ ਆ ਰਿਹਾ ਸੀ ਕਿ ਇਸੇ ਦੌਰਾਨ ਇਆਲੀ ਚੌਕ ‘ਚ ਮੋਟਰਸਾਈਕਲ ‘ਤੇ ਆਏ ਨੌਜਵਾਨਾਂ ਨੇ ਉਸ ਦੀ ਕਾਰ ਰੋਕ ਕੇ ਉਸ ‘ਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਇਸ ਹਮਲੇ ਦੌਰਾਨ ਹਰਜਿੰਦਰ ਢੀਂਡਸਾ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਫਿਲਹਾਲ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਸਬੰਧੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।