ਨਿਊਯਾਰਕ, 13 ਅਗਸਤ 2022 – ਭਾਰਤੀ ਮੂਲ ਦੇ ਬ੍ਰਿਟਿਸ਼-ਅਮਰੀਕੀ ਲੇਖਕ ਸਲਮਾਨ ਰਸ਼ਦੀ ‘ਤੇ ਸ਼ੁੱਕਰਵਾਰ ਰਾਤ ਨੂੰ ਨਿਊਯਾਰਕ ‘ਚ ਹਮਲਾ ਹੋਇਆ। ਘਟਨਾ ਦੇ ਸਮੇਂ ਉਹ ਲਾਈਵ ਪ੍ਰੋਗਰਾਮ ‘ਚ ਇੰਟਰਵਿਊ ਦੇ ਰਹੇ ਸਨ। ਜਿਸ ਤੋਂ ਬਾਅਦ ਉੱਥੇ ਮੌਜੂਦ ਡਾਕਟਰ ਨੇ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ- ਰਸ਼ਦੀ ਦੇ ਗਲੇ ਅਤੇ ਪੇਟ ‘ਚ ਜ਼ਖਮ ਹਨ।
ਨਿਊਯਾਰਕ ਟਾਈਮਜ਼ ਨਾਲ ਗੱਲਬਾਤ ‘ਚ ਰਸ਼ਦੀ ਦੇ ਏਜੰਟ ਐਂਡਰਿਊ ਯੀਲ ਨੇ ਕਿਹਾ- ਸਲਮਾਨ ਵੈਂਟੀਲੇਟਰ ‘ਤੇ ਹਨ ਅਤੇ ਉਹ ਬਿਲਕੁਲ ਵੀ ਬੋਲ ਨਹੀਂ ਸਕਦੇ। ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਖ਼ਬਰ ਚੰਗੀ ਨਹੀਂ ਹੈ। ਉਹ ਇੱਕ ਅੱਖ ਗੁਆ ਸਕਦੇ ਹਨ। ਜਿਗਰ ‘ਤੇ ਵੀ ਗੰਭੀਰ ਸੱਟ ਲੱਗੀ ਹੈ।
ਇਹ ਘਟਨਾ ਚੌਟਾਉਕਾ ਇੰਸਟੀਚਿਊਟ ‘ਚ ਵਾਪਰੀ। ਹਮਲਾਵਰ ਤੇਜ਼ੀ ਨਾਲ ਸਟੇਜ ‘ਤੇ ਆਇਆ ਅਤੇ ਉਸ ਨੇ ਰਸ਼ਦੀ ਅਤੇ ਇੰਟਰਵਿਊ ਲੈਣ ਵਾਲੇ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇੰਟਰਵਿਊ ਲੈਣ ਵਾਲੇ ਦੇ ਸਿਰ ‘ਤੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। 24 ਸਾਲਾ ਹਮਲਾਵਰ ਦਾ ਨਾਂ ਹਾਦੀ ਮਾਤਰ ਹੈ। ਅਜੇ ਪੁਲਿਸ ਵੱਲੋਂ ਉਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।
33 ਸਾਲ ਪਹਿਲਾਂ ਈਰਾਨ ਦੇ ਧਾਰਮਿਕ ਨੇਤਾ ਨੇ ਫਤਵਾ ਜਾਰੀ ਕਰ ਕੇ ਮੁਸਲਿਮ ਪਰੰਪਰਾਵਾਂ ‘ਤੇ ਲਿਖੇ ਨਾਵਲ ‘ਦਿ ਸੈਟੇਨਿਕ ਵਰਸੇਜ਼’ ਨੂੰ ਲੈ ਕੇ ਸਲਮਾਨ ਵਿਵਾਦਾਂ ‘ਚ ਘਿਰ ਗਏ ਸਨ। ਈਰਾਨ ਦੇ ਧਾਰਮਿਕ ਨੇਤਾ ਅਯਾਤੁੱਲਾ ਖੋਮੇਨੀ ਨੇ 1989 ਵਿੱਚ ਉਸਦੇ ਖਿਲਾਫ ਫਤਵਾ ਜਾਰੀ ਕੀਤਾ ਸੀ। ਇਸ ਹਮਲੇ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ, ਈਰਾਨ ਦੇ ਇੱਕ ਡਿਪਲੋਮੈਟ ਨੇ ਕਿਹਾ – ਸਾਡਾ ਇਸ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਰਸ਼ਦੀ ਦਾ ਜਨਮ 19 ਜੂਨ 1947 ਨੂੰ ਮੁੰਬਈ ਵਿੱਚ ਹੋਇਆ ਸੀ। 75 ਸਾਲਾ ਸਲਮਾਨ ਰਸ਼ਦੀ ਨੇ ਆਪਣੀਆਂ ਕਿਤਾਬਾਂ ਨਾਲ ਆਪਣੀ ਪਛਾਣ ਬਣਾਈ ਹੈ। ਉਸ ਨੂੰ ਉਸ ਦੇ ਦੂਜੇ ਨਾਵਲ ‘ਮਿਡਨਾਈਟਸ ਚਿਲਡਰਨ’ ਲਈ 1981 ਵਿਚ ‘ਬੁੱਕਰ ਪ੍ਰਾਈਜ਼’ ਅਤੇ 1983 ਵਿਚ ‘ਬੈਸਟ ਆਫ਼ ਦਾ ਬੁਕਰਜ਼’ ਨਾਲ ਸਨਮਾਨਿਤ ਕੀਤਾ ਗਿਆ। ਰਸ਼ਦੀ ਨੇ 1975 ਵਿੱਚ ਆਪਣੇ ਪਹਿਲੇ ਨਾਵਲ ਗ੍ਰਿਮਸ ਨਾਲ ਇੱਕ ਲੇਖਕ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ।
ਰਸ਼ਦੀ ਨੇ ਆਪਣੇ ਦੂਜੇ ਨਾਵਲ, ਮਿਡਨਾਈਟਸ ਚਿਲਡਰਨ ਤੋਂ ਪਛਾਣ ਪ੍ਰਾਪਤ ਕੀਤੀ। ਉਸਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਇਨ੍ਹਾਂ ਵਿੱਚ ਦਿ ਜੈਗੁਆਰ ਸਮਾਈਲ, ਦ ਮੂਰਜ਼ ਲਾਸਟ ਸਾਈ, ਦ ਗਰਾਊਂਡ ਬਿਨਥ ਹਰ ਫੀਟ ਅਤੇ ਸ਼ਾਲੀਮਾਰ ਦ ਕਲਾਊਨ ਸ਼ਾਮਲ ਹਨ। ਜਿਆਦਾਤਰ ‘ਦ ਸੈਟੇਨਿਕ ਵਰਸਿਜ਼’ ਬਾਰੇ ਚਰਚਾ ਕੀਤੀ ਗਈ।
‘ਦਿ ਸ਼ੈਟੇਨਿਕ ਵਰਸੇਜ਼’ ਸਲਮਾਨ ਰਸ਼ਦੀ ਦਾ ਚੌਥਾ ਨਾਵਲ ਸੀ। ਇਹ ਨਾਵਲ ਭਾਰਤ ਅਤੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਪਾਬੰਦੀਸ਼ੁਦਾ ਹੈ। ਇਹ 1988 ਵਿੱਚ ਪ੍ਰਕਾਸ਼ਿਤ ਹੋਇਆ ਸੀ। ਰਸ਼ਦੀ ‘ਤੇ ਪੈਗੰਬਰ ਮੁਹੰਮਦ ਦਾ ਅਪਮਾਨ ਕਰਨ ਦਾ ਦੋਸ਼ ਸੀ।
ਦ ਸੈਟੇਨਿਕ ਵਰਸਿਜ਼ ਦੇ ਜਾਪਾਨੀ ਅਨੁਵਾਦਕ ਹਿਤੋਸ਼ੀ ਇਗਾਰਾਸ਼ੀ ਦੀ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਕਿ ਇੱਕ ਇਤਾਲਵੀ ਅਨੁਵਾਦਕ ਅਤੇ ਇੱਕ ਨਾਰਵੇਈ ਪ੍ਰਕਾਸ਼ਕ ‘ਤੇ ਵੀ ਹਮਲਾ ਕੀਤਾ ਗਿਆ ਸੀ। ਰਸ਼ਦੀ ਦੀ ਤਾਰੀਫ ਕਰਨ ‘ਤੇ ਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੀ ਮਹਿਲਾ ਲੇਖਿਕਾ ਜ਼ੈਨਬ ਪ੍ਰਿਆ ‘ਤੇ ਵੀ ਹਮਲਾ ਹੋਇਆ ਸੀ। ਹਮਲਾਵਰਾਂ ਨੇ ਪ੍ਰਿਆ ਦੀ ਗਰਦਨ ‘ਤੇ ਚਾਕੂ ਵਾਰ ਕੀਤਾ ਸੀ। ਉਸ ਦੇ ਮੂੰਹ ‘ਤੇ ਇੱਟ ਨਾਲ ਵਾਰ ਕੀਤਾ ਗਿਆ। ਪਿਛਲੇ ਸਾਲ ਇੱਕ ਇੰਟਰਵਿਊ ਵਿੱਚ ਜਦੋਂ ਰਸ਼ਦੀ ਤੋਂ ਪੁੱਛਿਆ ਗਿਆ ਸੀ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਤਾਂ ਉਨ੍ਹਾਂ ਨੇ ਕਿਹਾ – ਜਾਣ ਦਿਓ, ਮੈਨੂੰ ਆਪਣੀ ਜ਼ਿੰਦਗੀ ਜੀਣੀ ਹੈ।