ਚੰਡੀਗੜ੍ਹ, 13 ਅਗਸਤ 2022 – IMA (ਇੰਡੀਅਨ ਮੈਡੀਕਲ ਐਸੋਸੀਏਸ਼ਨ) ਨੇ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਸਰਕਾਰੀ ਸਨਮਾਨ ਦਾ ਬਾਈਕਾਟ ਕੀਤਾ ਹੈ।
ਇਸ ਬਾਰੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ.ਪਰਮਜੀਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਸ਼ਮਾਨ ਸਕੀਮ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ। ਪੰਜਾਬ ਸਰਕਾਰ ਆਯੂਸ਼ਮਾਨ ਸਕੀਮ ਤਹਿਤ ਲੰਬੇ ਸਮੇਂ ਤੋਂ ਲਟਕ ਰਹੀਆਂ ਅਦਾਇਗੀਆਂ ਜਾਰੀ ਕਰਨ ਦੀ ਬਜਾਏ ਅਜਿਹੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਿਸ ਦੇ ਚੱਲਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 15 ਅਗਸਤ ਨੂੰ ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਹਸਪਤਾਲਾਂ ਵਿਚ ਡਾਕਟਰਾਂ ਨੂੰ ਦਿੱਤੇ ਜਾਣ ਵਾਲੇ ਸਰਕਾਰ ਸਨਮਾਨ ਨਾ ਲੈਣ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਦਿੰਦਿਆਂ ਡਾ. ਮਾਨ ਨੇ ਦੱਸਿਆ ਕਿ ਹਸਪਤਾਲਾਂ ਦੀ ਸੂਚੀ ਅਤੇ ਪ੍ਰਸ਼ੰਸਾ ਸਰਟੀਫਿਕੇਟ ਸਮੇਤ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਗਏ ਸੰਚਾਰ ਵਿੱਚ ਵਿਸ਼ੇਸ਼ ਸਕੱਤਰ ਕਮ ਸੀ.ਈ.ਓ., ਰਾਜ ਸਿਹਤ ਏਜੰਸੀ, ਪੰਜਾਬ ਨੇ ਦੱਸਿਆ ਹੈ ਕਿ ਹਸਪਤਾਲਾਂ ਨੇ ਆਯੂਸ਼ਮਾਨ ਤਹਿਤ ਸਭ ਤੋਂ ਵੱਧ ਕੇਸਾਂ ਦਾ ਇਲਾਜ ਕੀਤਾ ਹੈ।
ਇਸ ਸੰਬੰਧੀ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਟਵੀਟ ਕਰਦਿਆਂ ਕਿਹਾ ਕੇ ਇਹ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ।