ਚੰਡੀਗੜ੍ਹ, 14 ਅਗਸਤ 2022 – ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਪੈਦਾ ਹੋਈ ਬੱਚੀ ਦੇ ਜਨਮ ਨਾਲ ਮਾਂ-ਬਾਪ ਦੀ ਦੁਨੀਆਂ ‘ਚ ਬਹਾਰ ਆ ਗਈ ਸੀ, ਇਹ ਖੁਸ਼ੀ ਬਹੁਤੀ ਦੇਰ ਨਾ ਰਹੀ ਜਦੋਂ ਡਾਕਟਰਾਂ ਨੇ ਬੱਚੀ ਨੂੰ ਕੁਝ ਦਿਨਾਂ ਦੀ ਮਹਿਮਾਨ ਦੱਸਿਆ ਕਿਉਂਕਿ ਉਸ ਦੇ ਬ੍ਰੇਨ ਦੀ ਹਾਲਤ ਠੀਕ ਨਹੀਂ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਰਹਿਣ ਵਾਲੇ ਬੱਚੀ ਦੇ ਪਿਤਾ ਸੁਖਬੀਰ ਸੰਧੂ ਨੇ ਇੱਕ ਵੱਡਾ ਫੈਸਲਾ ਲਿਆ ਜਿਸ ਨਾਲ ਉਨ੍ਹਾਂ ਦੀ ਧੀ ਅਬਾਬਤ ਕੌਰ ਸੰਧੂ ਦੇ ਨਾਂ ਇਕ ਰਿਕਾਰਡ ਜੁੜ ਗਿਆ।
ਇਸ ਫੈਸਲੇ ਕਾਰਨ ਸ਼ਨੀਵਾਰ ਨੂੰ ਆਜ਼ਾਦੀ ਦੇ 75ਵੇਂ ਸਾਲ ‘ਚ ਪੀ.ਜੀ.ਆਈ. ਵੱਲੋਂ ਅਬਾਬਤ ਕੌਰ ਸੰਧੂ ਦੇ ਪਿਤਾ ਸੁਖਬੀਰ ਸੰਧੂ ਸਨਮਾਨ ਕਰਨ ਲਈ ਬੁਲਾਇਆ ਗਿਆ। ਪੀਜੀਆਈ ਵਿਖੇ ਵਿਸ਼ਵ ਅੰਗਦਾਨ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ‘ਚ ਪਹੁੰਚੇ ਅੰਮ੍ਰਿਤਸਰ ਦੇ ਸੁਖਬੀਰ ਸੰਧੂ ਨੇ ਦੱਸਿਆ ਕਿ ਬੇਸ਼ੱਕ ਉਸ ਦੀ ਧੀ ਨੇ ਉਹਨਾਂ ਨਾਲ ਸਿਰਫ 39 ਦਿਨ ਬਿਤਾਏ ਪਰ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸ ਦੀ ਬਦੌਲਤ ਮੈਨੂੰ ਆਜ਼ਾਦੀ ਦੇ 75ਵੇਂ ਸਾਲ ‘ਚ ਪੀ.ਜੀ.ਆਈ. ਵੱਲੋਂ ਸਨਮਾਨ ਕਰਨ ਲਈ ਬੁਲਾਇਆ ਗਿਆ ਹੈ।
ਸੁਖਬੀਰ ਸੰਧੂ ਨੇ ਕਿਹਾ ਕੇ ਇਹ ਪੁਰਸਕਾਰ ਉਸ ਦੀ ਧੀ ਨੂੰ ਸਮਰਪਿਤ ਹੈ। ਜਿਸ ਕਾਰਨ ਉਸ ਨੂੰ ਇਹ ਸਨਮਾਨ ਮਿਲਿਆ ਹੈ। ਧੀ ਦੇ ਘਰ ਜਨਮ ਲੈਣ ਨਾਲ ਲੱਗਿਆ ਕੇ ਉਹਨਾਂ ਦੇ ਘਰ ਹੁਣ ਖੁਸ਼ੀਆਂ ਆ ਗਈਆਂ ਹਨ ਪਰ ਜਦੋਂ ਡਾਕਟਰਾਂ ਨੇ ਅਸਲ ਸੱਚਾਈ ਦੱਸੀ ਤਾਂ ਜ਼ਮੀਨ ਪੈਰਾਂ ਥੱਲੋਂ ਨਿਕਲ ਗਈ।
ਉਸ ਦਾ ਚੰਡੀਗੜ੍ਹ ਪੀਜੀਆਈ ‘ਚ ਬਥੇਰਾ ਇਲਾਜ ਕਰਵਾਇਆ ਗਿਆ ਪਰ ਉਸ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਫਿਰ ਪਤਨੀ ਦੇ ਨਾਲ ਸਲਾਹ ਕੀਤੀ ਕੇ ਸਾਡੀ ਧੀ ਨੇ ਤਾਂ ਪੰਜ ਤੱਤਾਂ ਵਿੱਚ ਵਿਲੀਨ ਹੋ ਜਾਣਾ ਹੈ ਤਾਂ ਕਿਉਂ ਨਾ ਕਿਸੇ ਦੀ ਜਾਨ ਬਚਾਈ ਜਾਵੇ ਅਤੇ ਦੂਜਿਆਂ ਵਿੱਚ ਇਸ ਦਾ ਅਕਸ ਦੇਖਿਆ ਜਾਵੇ। ਜਿਸ ਤੋਂ ਬਾਅਦ ਉਸ ਦੀ 39 ਦਿਨਾਂ ਦੀ ਧੀ ਅਬਾਬਤ ਕੌਰ ਸੰਧੂ ਪੀਜੀਆਈ ਦੀ ਸਭ ਤੋਂ ਛੋਟੀ ਉਮਰ ਦੀ ਡੋਨਰ ਬਣ ਗਈ ਅਤੇ ਸਾਨੂੰ ਸਾਰਿਆਂ ਨੂੰ ਪਿੱਛੇ ਛੱਡ ਕੇ ਚਲੀ ਗਈ। ਸੁਖਬੀਰ ਖੇਤੀਬਾੜੀ ਵਿਭਾਗ ਵਿੱਚ ਹੈ ਅਤੇ ਪਤਨੀ ਸਕੂਲ ਵਿੱਚ ਸਾਇੰਸ ਅਧਿਆਪਕਾ ਹੈ।
ਸੁਖਬੀਰ ਸੰਧੂ ਨੇ ਕਿਹਾ ਕੇ ਇਸ ਬਾਰੇ ਫੈਸਲਾ ਲੈਣਾ ਥੋੜ੍ਹਾ ਔਖਾ ਸੀ ਪਰ ਆਜ਼ਾਦੀ ਘੁਲਾਟੀਏ ਨਾਨਾ ਦੇ ਹੌਸਲੇ ਸਦਕਾ ਸਭ ਕੁਝ ਆਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਧੀ ਦੇ ਵਿਛੋੜੇ ਦਾ ਦੁੱਖ ਤਾਂ ਹਮੇਸ਼ਾ ਬਣਿਆ ਰਹੇਗਾ ਪਰ ਲੋਕਾਂ ਨੂੰ ਉਨ੍ਹਾਂ ਰਾਹੀਂ ਜੋ ਨਵੀਂ ਜ਼ਿੰਦਗੀ ਮਿਲੀ ਹੈ, ਉਹ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ।