ਮਾਨਸਾ, 15 ਅਗਸਤ 2022 : ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਜੇ ਬੇਟੇ ਬਿਕਰਮ ਸਿੰਘ ਮੋਫਰ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਮਾਨਸਾ ਸਮੇਤ ਪੰਜ ਜਣਿਆਂ ਉਤੇ ਮਾਨਸਾ ਜ਼ਿਲ੍ਹੇ ਦੇ ਬੋਹਾ ਪੁਲਿਸ ਸਟੇਸ਼ਨ ਵਿਖੇ ਇਰਾਦਾ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦਰਜ ਕੀਤੀ ਗਈ ਐੱਫਆਈਆਰ ਅਨੁਸਾਰ ਬਿਕਰਮ ਸਿੰਘ ਮੋਫ਼ਰ ਸਮੇਤ ਗੁਰਕੀਰਤ ਸਿੰਘ, ਗੋਬਿੰਦਰ ਸਿੰਘ, ਜਗਸੀਰ ਸਿੰਘ, ਗੁਰਪਿਆਰ ਸਿੰਘ ਉਤੇ ਧਾਰਾ 307,353, 332, 186,186,506,25,27 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬੋਹਾ ਦੇ ਮੁਖੀ ਹਰਭਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਨੇ ਪੁਲਿਸ ਨਾਲ ਬਹਿਸ ਕਰਦਿਆਂ ਹੱਥੋਪਾਈ ਕੀਤੀ, ਜਿਸ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਮਾਮੂਲੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਕੋਲ ਅੱਕਾਂਵਾਲੀ ਪਿੰਡ ਦੇ ਮਨਪ੍ਰੀਤ ਸਿੰਘ ਮਨੀ ਨੇ ਮਾਮਲਾ ਦਰਜ ਕਰਵਾਇਆ ਕਿ ਉਨ੍ਹਾਂ ਦੇ ਪਿੰਡ ਮੋਟਰ ਉਤੇ ਗ਼ਲਤ ਵਿਅਕਤੀ ਬੈਠੇ ਹਨ, ਜਿਸ ਤੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਜਦੋਂ ਪੁਲਿਸ ਪਾਰਟੀ ਮਿਥੇ ਥਾਂ ਉਤੇ ਪੁੱਜੀ ਤਾਂ ਉਥੇ ਮੌਜੂਦ ਸਾਰਿਆਂ ਨੇ ਉਨ੍ਹਾਂ ਨਾਲ ਗਲਤ ਰਵੱਈਆਂ ਅਖਤਿਆਰ ਕੀਤਾ ਅਤੇ ਉਨ੍ਹਾਂ ਉਪਰ ਫਾਇਰ ਕਰਕੇ ਵਰਦੀ ਪਾੜੀ ਅਤੇ ਧੱਕਾਮੁੱਕੀ ਕੀਤੀ। ਪੁਲਿਸ ਨੇ ਤਿੰਨ ਨੂੰ ਇਸ ਮਾਮਲੇ ਵਿਚ ਹਿਰਾਸਤ ਲੈਣ ਦਾ ਅੱਜ ਸਵੇਰੇ ਦਾਅਵਾ ਕੀਤਾ ਹੈ, ਜਦੋਂ ਕਿ ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਵਿਕਰਮ ਸਿੰਘ ਮੋਫ਼ਰ ਲੋਕ ਸਭਾ ’ਚ ਕਾਂਗਰਸ ਦੇ ਨੇਤਾ ਰਵਨੀਤ ਸਿੰਘ ਬਿੱਟੂ ਦਾ ਜੀਜਾ ਹੈ। ਉਸ ਨੇ ਇਸ ਵਾਰ ਸਰਦੂਲਗੜ੍ਹ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ। ਉਧਰ ਵਿਕਰਮ ਸਿੰਘ ਮੋਫ਼ਰ ਨੇ ਪੁਲਿਸ ਦੀ ਸਾਰੀ ਕਹਾਣੀ ਨੂੰ ਗ਼ਲਤ ਅਤੇ ਇੱਕਪਾਸੜ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਜਸੀ ਬਦਲਾਖੋਰੀ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਇਸ ਦੀ ਸ਼ਿਕਾਇਤ ਉਹ ਪੰਜਾਬ ਪੁਲਿਸ ਦੇ ਮੁਖੀ ਕੋਲ ਕਰ ਰਹੇ ਹਨ।