- 25 ਅਗਸਤ ਤਕ ਖੇਡਾਂ ਵਿੱਚ ਭਾਗ ਲੈਣ ਦੇ ਚਾਹਵਾਨ ਵਿਭਾਗ ਦੀ ਪੋਰਟਲ ਉੱਪਰ ਰਜਿਸਟ੍ਰੇਸ਼ਨ ਕਰਵਾ ਸਕਣਗੇ ਚਾਹਵਾਨ ਖਿਡਾਰੀ
- 29 ਅਗਸਤ ਨੂੰ ਸ਼ੁਰੂ ਹੋਣ ਵਾਲੇ ਦੋ ਮਹੀਨੇ ਦੇ ਖੇਡ ਮੇਲੇ ਵਿੱਚ 5 ਲੱਖ ਦੇ ਕਰੀਬ ਖਿਡਾਰੀ ਛੇ ਉਮਰ ਗਰੁੱਪਾਂ ਵਿੱਚ ਹਿੱਸਾ ਲੈਣਗੇ
ਐਸਏਐਸ ਨਗਰ 17 ਅਗਸਤ 2022 – ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ, ਸਿਹਤ ਪ੍ਰਤੀ ਜਾਗਰੂਕਤਾ, ਆਪਸੀ ਸਦਭਾਵਨਾ ਤੇ ਭਾਈਚਾਰਾ ਵਧਾਉਣ ਅਤੇ ਸਿਹਤਮੰਦ ਤੇ ਰੰਗਲਾ ਪੰਜਾਬ ਸਿਰਜਣ ਦੇ ਮੰਤਵ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ’ ਥੀਮ ਤਹਿਤ ਕਰਵਾਏ ਜਾ ਰਹੇ ਪੰਜਾਬ ਖੇਡ ਮੇਲੇ ਦਾ ਆਗਾਜ਼ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਕੀਤਾ ਜਾਵੇਗਾ l ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਦੇ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸਏਐਸ ਨਗਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਉੱਚ ਪੱਧਰੀ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ l
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੀ ਖੇਡਾਂ ਵਿੱਚ ਗੁਆਚੀ ਸ਼ਾਨ ਮੁੜ ਬਹਾਲ ਕਰਨ ਦੀ ਵਚਨਬੱਧਤਾ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਥੀਮ ਖੇਡ ਵਿਭਾਗ ਵੱਲੋਂ ਉਲੀਕੇ ਖੇਡ ਮੇਲੇ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ ਪੋਰਟਲ www.punjabkhedmela2022.in ਉਤੇ ਜਾ ਕੇ 25 ਅਗਸਤ ਤੱਕ ਰਜਿਸਟ੍ਰੇਸ਼ਨ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਪੰਜਾਬ ਵਿੱਚ ਆਪਣੀ ਕਿਸਮ ਦੇ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੀ ਆਨ ਲਾਈਨ ਰਜਿਸਟ੍ਰੇਸ਼ਨ ਨਾਲ ਖਿਡਾਰੀਆਂ ਦਾ ਉਮਰ ਵਰਗ ਤੇ ਖੇਡ ਅਨੁਸਾਰ ਡਾਟਾਬੇਸ ਤਿਆਰ ਹੋਵੇਗਾ।
ਬਲਾਕ ਤੋਂ ਸੂਬਾ ਪੱਧਰ ਤੱਕ ਕਰਵਾਇਆ ਜਾਣ ਵਾਲਾ ਪੰਜਾਬ ਖੇਡ ਮੇਲਾ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ। ਬਲਾਕ ਪੱਧਰੀ ਮੁਕਾਬਲੇ 1 ਤੋਂ 7 ਸਤੰਬਰ, ਜ਼ਿਲਾ ਪੱਧਰੀ ਮੁਕਾਬਲੇ 12 ਤੋਂ 22 ਸਤੰਬਰ ਅਤੇ ਰਾਜ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਹੋਣਗੇ। ਅੰਡਰ 14 ਤੋਂ 50 ਸਾਲ ਤੋਂ ਵੱਧ ਉਮਰ ਦੇ ਛੇ ਗਰੁੱਪਾਂ ਦੇ 28 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਪੰਜਾਬ ਦੇ 5 ਲੱਖ ਦੇ ਕਰੀਬ ਖਿਡਾਰੀਆਂ ਦੀ ਹਿੱਸੇਦਾਰੀ ਹੋਵੇਗੀ। ਮਾਨਤਾ ਪ੍ਰਾਪਤ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀ ਆਪੋ-ਆਪਣੀਆਂ ਖੇਡਾਂ ਵਿੱਚ ਗਰੇਡਿੰਗ ਕਰਵਾ ਸਕਣਗੇ।
ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਉਮਰ ਵਰਗ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਹੋਵੇਗਾ। ਖੇਡ ਮੇਲੇ ਵਿੱਚ ਪੈਰਾ ਸਪੋਰਟਸ ਵਾਲੇ ਖਿਡਾਰੀ ਲਈ ਵੀ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਰਾਜ ਪੱਧਰ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ 10 ਹਜ਼ਾਰ ਰੁਪਏ, 7 ਹਜ਼ਾਰ ਰੁਪਏ ਤੇ 5 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਮਿਲਣਗੇ। ਕੁੱਲ 6 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਖੇਡ ਮੰਤਰੀ ਨੇ ਦੱਸਿਆ ਕਿ ਸਾਰੇ ਜੇਤੂ ਖਿਡਾਰੀ ਸੂਬੇ ਦੀ ਗਰੇਡਸ਼ਨ ਨੀਤੀ ਵਿੱਚ ਕਵਰ ਹੋਣਗੇ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਦੌਰਾਨ ਜੇਤੂਆਂ ਤੋਂ ਇਲਾਵਾ ਹੋਰਨਾਂ ਖਿਡਾਰੀਆਂ ਵਿੱਚੋਂ ਵੀ ਡੋਪ ਟੈਸਟ ਕੀਤੇ ਜਾਣਗੇ।
ਇਸ ਮੌਕੇ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ, ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਰਾਜੇਸ਼ ਧੀਮਾਨ,ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਪੂਜਾ ਐਸ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਗੁਜਰਾਲ, ਐਸਡੀਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ ਐੱਸ ਡੀ ਐੱਮ ਖਰੜ ਸ੍ਰੀ ਰਵਿੰਦਰ ਸਿੰਘ ਐੱਸਡੀਐੱਮ ਡੇਰਾਬਸੀ ਸ੍ਰੀ ਹਿਮਾਂਸ਼ੂ ਗੁਪਤਾ, ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ, ਡੀ ਐਸ ਓ ਮੋਹਾਲੀ ਸ੍ਰੀਮਤੀ ਗੁਰਦੀਪ ਕੌਰ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਜਸਵਿੰਦਰ ਕੌਰ ਤੋਂ ਇਲਾਵਾ ਦੇਸ਼ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਉੱਘੇ ਖਿਡਾਰੀ ਜਿਵੇਂ ਸ੍ਰੀ ਜਗਜੀਤ ਸਿੰਘ ਜੱਲ੍ਹਾ (ਰੋਇੰਗ), ਐਸ ਪੀ ਟਰੈਫਿਕ ਮੁਹਾਲੀ,ਸ੍ਰੀਮਤੀ ਸਰਬਜੀਤ ਕੌਰ (ਅਥਲੈਟਿਕਸ) ਐੱਸ ਡੀ ਐੱਮ ਮੋਹਾਲੀ, ਧਰਮਵੀਰ ਸਿੰਘ (ਹਾਕੀ) ਡੀਐੱਸਪੀ ਮੋਹਾਲੀ, ਸ੍ਰੀ ਪ੍ਰਭਜੋਤ ਸਿੰਘ (ਹਾਕੀ), ਸ੍ਰੀ ਮਲਕੀਅਤ ਸਿੰਘ (ਸ਼ੂਟਿੰਗ), ਸ੍ਰੀਮਤੀ ਜੈਸਮੀਨ ਕੌਰ (ਅਥਲੈਟਿਕਸ), ਮੋਨਿਕਾ (ਅਥਲੈਟਿਕਸ),ਸ੍ਰੀ ਸਵਰਨ ਸਿੰਘ (ਅਥਲੈਟਿਕਸ), ਸ੍ਰੀ ਮਲਕੀਅਤ ਸਿੰਘ (ਅਥਲੈਟਿਕਸ) ਸ੍ਰੀ ਗੁਰਦੀਪ ਸਿੰਘ (ਹਾਕੀ ਕੋਚ), ਸ੍ਰੀ ਮਨਮੋਹਨ ਸਿੰਘ (ਹਾਕੀ ਕੋਚ), ਸ੍ਰੀ ਗੁਰਜੀਤ ਸਿੰਘ (ਫੁਟਬਾਲ ਕੋਚ),ਸ੍ਰੀ ਮਨਦੀਪ ਕੌਸ਼ਲ (ਜਿਮਨਾਸਟਿਕ ਕੋਚ) ਸ਼ਾਮਲ ਸਨ l