ਚੰਡੀਗੜ, 18 ਅਗਸਤ 2022 – ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਪੰਜਾਬ ਮੰਡੀ ਬੋਰਡ ਕੰਪਲੈਕਸ ਮੁਹਾਲੀ ਵਿਖੇ ਡਾਇਰੈਕਟਰ ਅਬਾਦਕਾਰੀ (ਮੁੜ ਵਸੇਬਾ) ਦੇ ਦਫਤਰ ਵਿੱਚ ਤਾਇਨਾਤ ਕਾਨੂੰਗੋ ਅਮਰੀਕ ਸਿੰਘ ਨੂੰ 3,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜਮ ਕਾਨੂੰਗੋ ਨੂੰ ਕੁਲਦੀਪ ਸਿੰਘ ਵਾਸੀ ਪਿੰਡ ਭੂਖੜੀ ਕਲਾਂ ਜ਼ਿਲਾ ਲੁਧਿਆਣਾ ਦੀ ਸ਼ਿਕਾਇਤ ‘ਤੇ ਗਿ੍ਰਫਤਾਰ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੂਚਨਾ ਦਿੱਤੀ ਸੀ ਕਿ ਉਸਨੇ ਨਵੀਂ ਅਨਾਜ ਮੰਡੀ ਲੁਧਿਆਣਾ ਵਿਖੇ ਆਪਣਾ ਬੂਥ ਵੇਚਣ ਲਈ ਇਤਰਾਜ਼ਹੀਣਤਾ ਸਰਟੀਫੀਕੇਟ (ਐਨ.ਓ.ਸੀ.) ਲਈ ਅਰਜ਼ੀ ਦਿੱਤੀ ਹੈ ਪਰ ਉਕਤ ਕਾਨੂੰਗੋ ਉਸ ਤੋਂ 8,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਅਮਰੀਕ ਸਿੰਘ ਪਹਿਲਾਂ ਹੀ ਉਸ ਕੋਲੋਂ 5 ਹਜਾਰ ਰੁਪਏ ਬਤੌਰ ਰਿਸਵਤ ਲੈ ਚੁੱਕਾ ਹੈ ਅਤੇ ਉਸ ਨੂੰ ਐਨ.ਓ.ਸੀ. ਜਾਰੀ ਕਰਨ ਬਦਲੇ 3000 ਰੁਪਏ ਦੂਜੀ ਕਿਸ਼ਤ ਵਜੋਂ ਮੰਗ ਰਿਹਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿਚਲੇ ਤੱਥਾਂ ਅਤੇ ਅਸਲ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਉਕਤ ਮੁਲਜਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 3,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧ ਵਿੱਚ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਥਾਣਾ ਵਿਜੀਲੈਂਸ ਬਿਉਰੋ ਦੇ ਉਡਣ ਦਸਤਾ-1, ਦੇ ਐਸ.ਏ.ਐਸ.ਨਗਰ ਸਥਿਤ ਥਾਣੇ ਵਿੱਚ ਮਿਤੀ 17.08.2022 ਨੂੰ ਐਫ.ਆਈ.ਆਰ ਨੰ.13 ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।