- ਸ਼ੀਸ਼ੇ ਦੀਆਂ ਬੋਤਲਾਂ ਸੁੱਟੀਆਂ, ਤਲਵਾਰਾਂ ਚਲਾਈਆਂ
ਅੰਮ੍ਰਿਤਸਰ, 18 ਅਗਸਤ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ‘ਚ ਰਾਤ ਸਮੇਂ 10 ਤੋਂ ਵੱਧ ਨੌਜਵਾਨਾਂ ਨੇ ਇਕ ਘਰ ‘ਤੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਘਰ ‘ਤੇ ਇੱਟਾਂ, ਕੱਚ ਦੀਆਂ ਬੋਤਲਾਂ ਮਾਰੀਆਂ ਅਤੇ ਘਰ ਦੇ ਸ਼ੀਸ਼ੇ ਤੋੜੇ ਅਤੇ ਤਲਵਾਰਾਂ ਨਾਲ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਇਹ ਹਰਕਤ ਸੀਸੀਟੀਵੀ ਵਿੱਚ ਕੈਦ ਹੋ ਗਈ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ, ਜਦੋਂਕਿ ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ 12 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਬਟਾਲਾ ਰੋਡ ‘ਤੇ ਪ੍ਰੀਤ ਨਗਰ ਦੇ ਰਹਿਣ ਵਾਲੇ ਪਾਰਸ ਨੇ ਦੱਸਿਆ ਕਿ ਉਸ ਦੇ ਇਕ ਦੋਸਤ ਦੀ ਨੇੜੇ ਹੀ ਰਹਿੰਦੇ ਇਕ ਨੌਜਵਾਨ ਨਾਲ ਲੜਾਈ ਹੋ ਗਈ ਸੀ। ਉਦੋਂ ਤੋਂ ਹੀ ਨੌਜਵਾਨ ਦੁਸ਼ਮਣੀ ਨੂੰ ਮੁੱਖ ਰੱਖ ਕੇ ਉਸ ਦੇ ਘਰ ‘ਤੇ ਹਮਲਾ ਕਰਨ ਦੀਆਂ ਧਮਕੀਆਂ ਦਿੰਦੇ ਸਨ। ਰਾਤ ਸਮੇਂ ਉਸ ਨੂੰ ਫੋਨ ਆਇਆ ਕਿ ਕੁਝ ਨੌਜਵਾਨ ਉਸ ਦੇ ਘਰ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਉਸ ਨੇ ਤੁਰੰਤ ਘਰ ਜਾ ਕੇ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੜਕੇ ਉਸ ਦੇ ਘਰ ਦੇ ਬਾਹਰ ਪਹੁੰਚ ਗਏ।
ਪਾਰਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਘਰ ਵਿੱਚ ਕੱਚ ਦੀਆਂ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸ ਦੇ ਘਰ ਦਾ ਸ਼ੀਸ਼ਾ ਟੁੱਟ ਗਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਦਾਤਰਾਂ ਅਤੇ ਤਲਵਾਰਾਂ ਨਾਲ ਉਸਦੇ ਘਰ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਰੌਲਾ ਪਾਉਣ ‘ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।