ਲੁਧਿਆਣਾ, 19 ਅਗਸਤ 2022 – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਵੀਰਵਾਰ ਰਾਤ 11.30 ਵਜੇ 4 ਬਦਮਾਸ਼ਾਂ ਨੇ ਇਕ ਸੁੰਨਸਾਨ ਜਗ੍ਹਾ ‘ਤੇ ਇਕ ਵਿਅਕਤੀ ਨੂੰ ਰੋਕ ਕੇ ਸਾਢੇ 12 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ ਵਿਅਕਤੀ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ ਅਤੇ ਪੈਸੇ ਐਕਟਿਵਾ ਦੀ ਡਿਗੀ ਵਿੱਚ ਹੀ ਸਨ।
ਘਟਨਾ ਕਾਰਾਬਾਰਾ ਚੌਂਕ ਵਿਖੇ ਵਾਪਰੀ। ਦੇਰ ਰਾਤ ਥਾਣਾ ਦਰੇਸੀ ਦੇ ਕਾਰਾਬਾਰਾ ਚੌਕ ਇਲਾਕੇ ਵਿੱਚ ਵੀ ਚੈਕਿੰਗ ਕੀਤੀ ਗਈ, ਪਰ ਬਦਮਾਸ਼ਾਂ ਬਾਰੇ ਕੁਝ ਪਤਾ ਨਹੀਂ ਲੱਗਾ। ਜਾਣਕਾਰੀ ਦਿੰਦਿਆਂ ਕਿਲਾ ਮੁਹੱਲਾ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਜੁੱਤੀਆਂ ਦੇ ਵਪਾਰੀ ਕੋਲ ਕੰਮ ਕਰਦਾ ਹੈ।
ਉਹ ਆਪਣੇ ਮਾਲਕ ਨੂੰ ਕਿਚਲੂ ਨਗਰ ਸਥਿਤ ਆਪਣੇ ਘਰ ਛੱਡ ਕੇ ਵਾਪਸ ਕਿਲਾ ਮੁਹੱਲਾ ਜਾ ਰਿਹਾ ਸੀ। ਰਸਤੇ ਵਿੱਚ ਉਸ ਨੇ ਦੋ ਥਾਵਾਂ ਤੋਂ ਪੇਮੈਂਟ ਲੈਣੀ ਸੀ। ਪੇਮੈਂਟ ਲੈਣ ਤੋਂ ਬਾਅਦ ਉਸ ਨੇ ਐਕਟਿਵਾ ਦੀ ਡਿਗੀ ਵਿੱਚ ਕਰੀਬ ਸਾਢੇ 12 ਲੱਖ ਰੁਪਏ ਦੀ ਰਕਮ ਰੱਖ ਲਈ ਸੀ। ਇਹ ਪੈਸੇ ਸਵੇਰੇ ਬੈਂਕ ਵਿੱਚ ਜਮ੍ਹਾ ਕਰਵਾਏ ਜਾਣੇ ਸਨ। ਜਦੋਂ ਉਹ ਕਾਰਾਬਾਰਾ ਚੌਕ ਨੇੜੇ ਪੁੱਜਾ ਤਾਂ 4 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।
ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ। ਐਸਐਚਓ ਰਾਜੇਸ਼ ਠਾਕੁਰ ਮੌਕੇ ’ਤੇ ਪੁੱਜੇ। ਹੁਣ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਜਿਨ੍ਹਾਂ ਰਸਤਿਆਂ ਤੋਂ ਆਇਆ ਹੈ, ਉਨ੍ਹਾਂ ਰਸਤਿਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।