ਲੁਧਿਆਣਾ, 19 ਅਗਸਤ 2022 – ਜ਼ਿਲ੍ਹਾ ਲੁਧਿਆਣਾ ਦੇ ਕਸਬਾ ਪਾਇਲ ਦੇ ਪਿੰਡ ਸਿਹੋੜਾ ਵਿਖੇ ਸਥਿਤ ਸ਼ਹੀਦਗੜ੍ਹ ਪਬਲਿਕ ਸਕੂਲ ਦੇ ਸਾਬਕਾ ਡਾਇਰੈਕਟਰ ਅਜੀਤ ਸਿੰਘ ਨਾਲ ਸਾਬਕਾ ਸਰਪੰਚ ਅਤੇ ‘ਆਪ’ ਆਗੂ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ‘ਆਪ’ ਨੇਤਾ ਸਾਬਕਾ ਡਾਇਰੈਕਟਰ ਦੀ ਬੇਰਹਿਮੀ ਨਾਲ ਕੁੱਟਮਾਰ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਗੱਲ ਨੂੰ ਲੈ ਕੇ ਗੁੱਸੇ ‘ਚ ਆਏ ਸਾਬਕਾ ਸਰਪੰਚ ਅਤੇ ‘ਆਪ’ ਨੇਤਾ ਨੇ ਮਿਲ ਕੇ ਅਜੀਤ ਸਿੰਘ ਦੀ ਕੁੱਟਮਾਰ ਕੀਤੀ। ਲੜਾਈ ਦੌਰਾਨ ਉਹ ਬਜ਼ੁਰਗ ਅਜੀਤ ਸਿੰਘ ਦੀ ਪੱਗ ਲਾਹ ਦਿੰਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਿੰਡ ਦੇ ਲੋਕ ਅਜੀਤ ਸਿੰਘ ਦੇ ਹੱਕ ਵਿੱਚ ਨਿੱਤਰ ਆਏ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਆਪ ਨੇਤਾ ਖਿਲਾਫ ਕਾਰਵਾਈ ਕਰੇ।
ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਪੀੜਤ ਅਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਜਥੇਬੰਦੀ ਨਾਲ ਜੁੜਿਆ ਹੋਇਆ ਹੈ। ਜਦੋਂ ਇਹ ਆਗੂ ਦੋ ਦਿਨ ਪਹਿਲਾਂ ਸਕੂਲ ਆਇਆ ਤਾਂ ਉਸ ਦੇ ਨਾਲ ਤਿੰਨ ਹੋਰ ਵਿਅਕਤੀ ਵੀ ਅੰਦਰ ਆ ਗਏ। ਕਿਸੇ ਮਾਮੂਲੀ ਗੱਲ ਨੂੰ ਲੈ ਕੇ ‘ਆਪ’ ਆਗੂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਦੇ ਕੇਸਾਂ ਦੀ ਬੇਅਦਵੀ ਕੀਤੀ।
ਇਸ ਦੇ ਨਾਲ ਹੀ ਸਾਬਕਾ ਸਰਪੰਚ ਨੇ ਦੱਸਿਆ ਕਿ ਉਹ ਕਮੇਟੀ ਦੇ ਤਿੰਨ ਮੈਂਬਰਾਂ ਨਾਲ ਸਕੂਲ ਗਿਆ ਸੀ, ਜਿੱਥੇ ਉਸ ਨੇ ਅਜੀਤ ਸਿੰਘ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਗਲਤ ਤਰੀਕੇ ਨਾਲ ਜਵਾਬ ਦਿੱਤਾ ਅਤੇ ਸਾਡੇ ਨਾਲ ਦੁਰਵਿਵਹਾਰ ਕੀਤਾ। ਜਿਸ ਤੋਂ ਬਾਅਦ ਇਹ ਮਾਮਲਾ ਠਾਣੇ ਪੁੱਜ ਗਿਆ ਹੈ ਅਤੇ ਇਸ ਮਾਮਲੇ ਸਬੰਧੀ ਐਸਐਚਓ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।