ਜਲੰਧਰ, 19 ਅਗਸਤ 2022 – ਥਾਣਾ ਇੱਕ ਅਧੀਨ ਪੈਂਦੇ ਕਬੀਰ ਨਗਰ ਵਿੱਚ ਅੱਜ ਸਵੇਰੇ ਦੋ ਚੋਰਾਂ ਨੂੰ ਦੁਕਾਨਦਾਰ ਨੇ ਲੋਕਾਂ ਦੀ ਮਦਦ ਨਾਲ ਰੱਸੀਆਂ ਨਾਲ ਬੰਨ੍ਹ ਕੇ ਕਾਬੂ ਕਰ ਲਿਆ। ਲੋਕਾਂ ਨੇ ਪਹਿਲਾਂ ਚੋਰਾਂ ਦਾ ਚੰਗੀ ਤਰ੍ਹਾਂ ਕੁਟਾਪਾ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਦੋਵੇਂ ਚੋਰ ਇਲਾਕੇ ਵਿੱਚ ਦੁਕਾਨ ਦੇ ਬਾਹਰ ਲੱਗੇ ਏਸੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਦੋਵੇਂ ਚੋਰ ਲੋਕਾਂ ਦੇ ਆਉਣ ‘ਤੇ ਫ਼ਰਾਰ ਹੋ ਗਏ ਪਰ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸ਼ੁੱਕਰਵਾਰ ਨੂੰ ਦੋਵੇਂ ਚੋਰ ਫਿਰ ਤੋਂ ਚੋਰੀ ਕਰਨ ਲਈ ਇਲਾਕੇ ‘ਚ ਆਏ ਸਨ ਪਰ ਦੁਕਾਨਦਾਰ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਕਾਬੂ ਕਰ ਲਿਆ। ਕਬੀਰ ਨਗਰ ਵਾਸੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਹ ਦੋਵੇਂ ਉਸ ਦੀ ਦੁਕਾਨ ਦੇ ਬਾਹਰੋਂ ਏਸੀ ਚੋਰੀ ਕਰ ਰਹੇ ਸਨ।
ਪਰ ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਦੇ ਆਧਾਰ ‘ਤੇ ਯੋਗੇਸ਼ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਯੋਗੇਸ਼ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੋਵੇਂ ਚੋਰਾਂ ਨੂੰ ਇਲਾਕੇ ‘ਚ ਦੇਖਿਆ ਗਿਆ ਜੋ ਕਿ ਕਿਤੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਰੋਕ ਕੇ ਫੜ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਥਾਣਾ 1 ਦੀ ਪੁਲਸ ਚੋਰਾਂ ਨੂੰ ਆਪਣੇ ਨਾਲ ਲੈ ਗਈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ। ਇਲਾਕੇ ਵਿੱਚ ਪੁਲੀਸ ਦੀ ਗਸ਼ਤ ਨਾ ਹੋਣ ਕਾਰਨ ਚੋਰ ਲਗਾਤਾਰ ਵਾਰਦਾਤਾਂ ਕਰ ਰਹੇ ਹਨ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਹਨ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਲੋਕਾਂ ਨੇ ਪੁਲੀਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਪੁਲੀਸ ਗਸ਼ਤ ਵਧਾਈ ਜਾਵੇ।