- ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਨਸਪ ਦੇ ਗੁਦਾਮਾਂ ਦਾ ਦੌਰਾ
- ਭ੍ਰਿਸ਼ਟ ਅਧਿਕਾਰੀਆਂ ਤੇ ਹੋਰ ਜਿੰਮੇਵਾਰਾਂ ਨਾਲ ਸਖ਼ਤੀ ਨਾਲ ਪੇਸ਼ ਆਵੇਗੀ ਮਾਨ ਸਰਕਾਰ-ਲਾਲ ਚੰਦ ਕਟਾਰੂਚੱਕ
ਪਟਿਆਲਾ, 20 ਅਗਸਤ 2022 – ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਅਤੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗਾਂ ਦੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਕਰੇਗੀ।
ਲਾਲ ਚੰਦ ਕਟਾਰੂਚੱਕ ਨੇ ਅੱਜ ਪਟਿਆਲਾ-ਦੇਵੀਗੜ੍ਹ ਰੋਡ ‘ਤੇ ਸਥਿਤ ਪਨਸਪ ਦੇ ਓਪਨ ਪਲਿੰਥ ਦਾ ਦੌਰਾ ਕਰਕੇ ਇੱਥੋਂ ਪਿਛਲੇ ਦਿਨੀਂ ਕਣਕ ਦੀਆਂ ਕਰੀਬ 20 ਹਜ਼ਾਰ ਬੋਰੀਆਂ ਦੇ ਗਾਇਬ ਹੋਣ ਕਾਰਨ ਸਾਹਮਣੇ ਆਏ ਤਿੰਨ ਕਰੋੜ ਰੁਪਏ ਦੇ ਵਿੱਤੀ ਨੁਕਸਾਨ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਵਿਭਾਗ ਦੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵੀ ਉਨ੍ਹਾਂ ਦੇ ਨਾਲ ਸਨ।
ਲਾਲ ਚੰਦ ਕਟਾਰੂਚੱਕ ਨੇ ਇਸ ਮੌਕੇ ਪਨਸਪ ਦੇ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਅਤੇ ਜ਼ਿਲ੍ਹਾ ਮੈਨੇਜਰ ਅਮਿਤ ਕੁਮਾਰ ਤੋਂ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕਰਦਿਆਂ ਵਿਭਾਗ ਦੇ ਫ਼ੀਲਡ ਅਮਲੇ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਮਾਮਲੇ ਦੀ ਪੜਤਾਲ ਦਾ ਘੇਰਾ ਵਧਾਉਣ ਦੀਆਂ ਹਦਾਇਤਾਂ ਕੀਤੀਆਂ। ਖੁਰਾਕ ਸਪਲਾਈ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੇ ਘਪਲੇਬਾਜ਼ਾਂ ਅਤੇ ਭ੍ਰਿਸ਼ਟਾਚਾਰ ‘ਚ ਲਿਪਤ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਹੋਰ ਜਿੰਮੇਵਾਰਾਂ ਨਾਲ ਸਖ਼ਤੀ ਨਾਲ ਪੇਸ਼ ਆਵੇਗੀ।
ਖੁਰਾਕ ਸਪਲਾਈ ਮੰਤਰੀ ਨੇ ਦੱਸਿਆ ਕਿ ਕਰੀਬ ਤਿੰਨ ਕਰੋੜ ਰੁਪਏ ਦੀ ਠੱਗੀ ਮਾਰਕੇ ਭੱਜੇ ਇੰਸਪੈਕਟਰ ਗੁਰਿੰਦਰ ਸਿੰਘ ਵਿਰੁੱਧ ਪੁਲਿਸ ਕੇਸ ਦਰਜ ਹੋ ਚੁੱਕਾ ਹੈ ਅਤੇ ਇਸ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਕਿਸ ਪੱਧਰ ‘ਤੇ ਕੌਣ-ਕੌਣ ਸ਼ਾਮਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸ਼ਾਮਲ, ਭਾਵੇਂ ਉਹ ਸਰਕਾਰੀ ਅਧਿਕਾਰੀ ਜਾਂ ਕੋਈ ਸਿਆਸੀ ਵਿਅਕਤੀ ਹੋਵੇ, ਨੂੰ ਬੇਪਰਦ ਕਰਕੇ ਮਿਸਾਲੀ ਸਜਾਵਾਂ ਦਿਵਾਈਆਂ ਜਾਣਗੀਆਂ।
ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਬੀਤੇ ਸਮੇਂ ‘ਚ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਮੇਂ ਖੁੱਲ੍ਹ ਖੇਡਕੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਢਾਹ ਲਗਾਉਣ ਦਾ ਵਰਤਾਰਾ ਵਾਪਰਿਆ, ਇਸ ਲਈ ਸਿਆਸਤਦਾਨਾਂ ਸਮੇਤ ਕੁਝ ਭ੍ਰਿਸ਼ਟ ਅਫ਼ਸਰਾਂ ਨੇ ਮਿਲੀਭੁਗਤ ਨਾਲ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਕੇ ਆਪਣੇ ਹੱਥ ਰੰਗਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਪਰੰਤੂ ਮਾਨ ਸਰਕਾਰ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖ਼ਸ਼ੇਗੀ।
ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜਿੱਥੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਤੋਂ ਲੋਕਾਂ ਨੂੰ ਬਿਹਤਰ ਸਰਕਾਰ ਤੇ ਚੰਗਾ ਪ੍ਰਸ਼ਾਸਨ ਦੇਣ ਤੇ ਲੋਕਾਂ ਦੀਆਂ ਇੱਛਾਵਾਂ ‘ਤੇ ਪੂਰਾ ਖਰ੍ਹਾ ਉਤਰਨ ਦੀ ਸਹੁੰ ਖਾਧੀ ਹੈ ਉਥੇ ਹੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ।
ਸ੍ਰੀ ਕਟਾਰੂਚੱਕ ਨੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ, ਚੰਗੀ ਤੇ ਪਾਰਦਰਸ਼ੀ ਸਰਕਾਰ ਲੋਕਾਂ ਨੂੰ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਮਾਨ ਸਰਕਾਰ, ਹਰ ਹਾਲਤ ‘ਚ ਪੂਰਾ ਕਰਕੇ ਸਖ਼ਤ ਫ਼ੈਸਲੇ ਲੈਂਦਿਆਂ ਅਜਿਹੇ ਵਰਤਾਰੇ ਭਵਿੱਖ ਵਿੱਚ ਵਾਪਰਨ ਤੋਂ ਰੋਕਣ ‘ਚ ਵੀ ਪੂਰੀ ਤਰ੍ਹਾਂ ਕਾਮਯਾਬ ਹੋਵੇਗੀ। ਇਸ ਮੌਕੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਕਿਸੇ ਵੀ ਮਾਮਲੇ ‘ਤੇ ਨਿਰਾਸ਼ ਨਹੀਂ ਹੋਣ ਦੇਵੇਗੀ ਅਤੇ ਮਾਨ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਵੱਲ ਵੱਧ ਰਹੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਡੀ.ਐਫ਼.ਓ. ਵਿੱਦਿਆ ਸਾਗਰੀ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਰਵਿੰਦਰ ਕੌਰ ਸਮੇਤ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।