ਚੰਡੀਗੜ੍ਹ, 22 ਅਗਸਤ 2022 – ਸੋਮਵਾਰ ਨੂੰ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੀ ਕਾਰ ਨੂੰ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਤੋਂ ਨਾਰਾਜ਼ ਬਾਜਵਾ ਵਾਪਸ ਪਰਤ ਗਏ। ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ।
ਅੱਜ ਉਹ ਵਿਜੀਲੈਂਸ ਦਫ਼ਤਰ ਦਾ ਘਿਰਾਓ ਕਰਨ ਲਈ ਕਾਂਗਰਸ ਭਵਨ ਪੁੱਜੇ ਸਨ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਵੀ ਇਸ ਗੱਲ ਦਾ ਪਤਾ ਲੱਗਦਿਆਂ ਹੀ ਕਾਂਗਰਸ ਭਵਨ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ‘ਤੇ ਗੁੱਸਾ ਕੱਢਿਆ। ਇਸ ਗੱਲ ਨੂੰ ਲੈ ਕੇ ਚਰਚਾ ਹੋਣ ਲੱਗੀ ਹੈ ਕਿ ਪੁਲਿਸ ਨੇ ਇਹ ਸਭ ਕਿਸ ਦੇ ਇਸ਼ਾਰੇ ‘ਤੇ ਕੀਤਾ ਹੈ ?
ਕਾਂਗਰਸ ਵੱਲੋਂ ਅੱਜ ਚੰਡੀਗੜ੍ਹ ਵਿੱਚ ਵਿਜੀਲੈਂਸ ਬਿਊਰੋ ਦੇ ਦਫ਼ਤਰ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਰਾਹੀਂ ਸਾਬਕਾ ਕਾਂਗਰਸੀ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਲਈ ਬਾਜਵਾ ਸੈਕਟਰ 15 ਸਥਿਤ ਕਾਂਗਰਸ ਭਵਨ ਆਏ ਸਨ। ਜਦੋਂ ਉਨ੍ਹਾਂ ਦੀ ਕਾਰ ਕਾਂਗਰਸ ਭਵਨ ਪੁੱਜੀ ਤਾਂ ਬਾਜਵਾ ਦੀ ਕਾਰ ਦਾ ਗੇਟ ਨਹੀਂ ਖੋਲ੍ਹਿਆ ਗਿਆ। ਉਥੇ ਖੜ੍ਹੇ ਪੁਲੀਸ ਮੁਲਾਜ਼ਮਾਂ ਨੇ ਵਾਰ-ਵਾਰ ਕਹਿਣ ’ਤੇ ਵੀ ਗੇਟ ਨਹੀਂ ਖੋਲ੍ਹਿਆ। ਇਸ ਦੌਰਾਨ ਕੁਝ ਵਾਹਨ ਪਹਿਲਾਂ ਹੀ ਅੰਦਰ ਖੜ੍ਹੇ ਸਨ। ਪੁਲਿਸ ਵਾਲਿਆਂ ਨੇ ਕਿਹਾ ਕਿ ਗੇਟ ਖ਼ਰਾਬ ਹੈ। ਬਾਜਵਾ ਕਾਰ ਤੋਂ ਹੇਠਾਂ ਉਤਰ ਕੇ ਅੰਦਰ ਚਲੇ ਗਏ ਪਰ ਥੋੜ੍ਹੀ ਦੇਰ ਬਾਅਦ ਬਾਹਰ ਆ ਕੇ ਕਾਰ ਵਿਚ ਬੈਠ ਗਏ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਬਾਜਵਾ ਖਿਲਾਫ ਕੋਈ ਨਾਰਾਜ਼ਗੀ ਨਹੀਂ ਹੈ। ਉਹ ਸਾਡਾ CLP ਨੇਤਾ ਹੈ। ਉਸ ਨੇ ਪੁਲੀਸ ਮੁਲਾਜ਼ਮਾਂ ਨੂੰ ਝਿੜਕਿਆ ਕਿ ਉਹਨਾਂ ਨੇ ਬਾਜਵਾ ਦੀ ਕਾਰ ਨੂੰ ਕਿਵੇਂ ਰੋਕਿਆ। ਵੜਿੰਗ ਦੇ ਰੌਲੇ ਰੱਪੇ ਤੋਂ ਬਾਅਦ ਕਾਂਗਰਸ ਭਵਨ ਦਾ ਗੇਟ ਖੋਲ੍ਹ ਦਿੱਤਾ ਗਿਆ। ਵੜਿੰਗ ਨੇ ਕਿਹਾ ਕਿ ਜੇਕਰ ਕਿਸੇ ਪੁਲੀਸ ਮੁਲਾਜ਼ਮ ਨੇ ਦੁਰਵਿਵਹਾਰ ਕੀਤਾ ਹੈ ਤਾਂ ਉਸ ਨੂੰ ਇੱਥੋਂ ਡਿਊਟੀ ਤੋਂ ਹਟਾ ਦਿੱਤਾ ਜਾਵੇਗਾ। ਇਸ ਸਬੰਧੀ ਅੱਗੇ ਸ਼ਿਕਾਇਤ ਵੀ ਕੀਤੀ ਜਾਵੇਗੀ। ਇੱਥੋਂ ਦੇ ਮੁਲਾਜ਼ਮ ਵੀ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। ਵਾਰ-ਵਾਰ ਸਵਾਲਾਂ ‘ਤੇ ਵੜਿੰਗ ਨੇ ਕਿਹਾ ਕਿ ਮੀਡੀਆ ਨੂੰ ਇਸ ਮਾਮਲੇ ਨੂੰ ਵਧਾ-ਚੜਾ ਪੇਸ਼ ਨਹੀਂ ਕਰਨਾ ਚਾਹੀਦਾ।