ਲੁਧਿਆਣਾ, 22 ਅਗਸਤ 2022 – ਲੁਧਿਆਣਾ ਸ਼ਹਿਰ ਵਿੱਚ ਐਤਵਾਰ ਰਾਤ ਇੱਕ ਆਟੋ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਲਾਸ਼ ਨੂੰ ਉਸ ਦੇ ਹੀ ਆਟੋ ਵਿੱਚ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਹੀ ਇਕ ਦੋਸਤ ਨੇ ਉਸ ਨੂੰ ਸਟਾਰ ਕਲੋਨੀ ਬੁਲਾਇਆ ਸੀ। ਇਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ।
ਸਵੇਰੇ ਜਿਵੇਂ ਹੀ ਲੋਕਾਂ ਨੇ ਆਟੋ ‘ਚ ਵਿਅਕਤੀ ਦੀ ਲਾਸ਼ ਦੇਖੀ ਤਾਂ ਪੁਲਸ ਨੂੰ ਸੂਚਨਾ ਦਿੱਤੀ। ਜੇਸੀਪੀ ਰਵਚਰਨ ਸਿੰਘ ਬਰਾੜ ਮੌਕੇ ’ਤੇ ਪੁੱਜੇ। ਪੁਲਿਸ ਨੂੰ ਮੌਕੇ ਤੋਂ ਕਰੀਬ 50 ਮੀਟਰ ਦੀ ਦੂਰੀ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੁਝ ਨੌਜਵਾਨਾਂ ਦੇ ਝਗੜੇ ਦੀ ਫੁਟੇਜ ਮਿਲੀ ਹੈ। ਮ੍ਰਿਤਕ ਦੀ ਪਛਾਣ ਸੋਨੂੰ (35) ਵਜੋਂ ਹੋਈ ਹੈ।
ਸੋਨੂੰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤਾਂ ਉਸ ਦਾ ਭਰਾ ਮੌਕੇ ‘ਤੇ ਪਹੁੰਚ ਗਿਆ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਸੋਨੂੰ ਕਿਰਾਏ ‘ਤੇ ਆਟੋ ਰਿਕਸ਼ਾ ਚਲਾ ਕੇ ਚਲਾਉਂਦਾ ਸੀ। ਸੋਨੂੰ ਆਪਣੀ ਮਾਂ ਅਤੇ ਭਰਾ ਨਾਲ ਸ਼ਿਮਲਾਪੁਰੀ ‘ਚ ਰਹਿੰਦਾ ਸੀ। ਸੋਨੂੰ ਦਾ ਫ਼ੋਨ ਗਾਇਬ ਹੈ ਅਤੇ ਉਸ ਦੇ ਆਟੋ ਵਿੱਚੋਂ ਬੈਟਰੀ ਚੋਰੀ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਜੇ.ਸੀ.ਪੀ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਜਿਸ ਥਾਂ ‘ਤੇ ਸੋਨੂੰ ਦਾ ਕਤਲ ਹੋਇਆ ਹੈ, ਉਹ ਰਸਤਾ ਉਸ ਦੇ ਘਰ ਵੱਲ ਨਹੀਂ ਜਾਂਦਾ। ਇਸ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੋਨੂੰ ਅੱਧੀ ਰਾਤ ਨੂੰ ਇੱਥੇ ਕਿਵੇਂ ਪਹੁੰਚਿਆ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸੋਨੂੰ ਦੀ ਕਾਫੀ ਕੁੱਟਮਾਰ ਕੀਤੀ ਗਈ ਹੈ। ਉਸ ਦੀ ਬਾਂਹ ਦੀ ਹੱਡੀ ਟੁੱਟ ਗਈ ਹੈ।
ਉਸ ਦੇ ਸਿਰ ‘ਤੇ ਵੀ ਗੰਭੀਰ ਸੱਟਾਂ ਲੱਗੀਆਂ। ਸ਼ਹਿਰ ਦੇ ਆਟੋ ਚਾਲਕ ਸਰਕਾਰ ਤੋਂ ਨਾਰਾਜ਼ ਹਨ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਆਟੋ ਚਾਲਕ ਨੂੰ ਇਸ ਤਰ੍ਹਾਂ ਮਾਰਨਾ ਪੁਲੀਸ ਦੀ ਵੱਡੀ ਲਾਪ੍ਰਵਾਹੀ ਹੈ। ਜੇਕਰ ਪੁਲਿਸ ਵੱਲੋਂ ਹਮਲਾਵਰਾਂ ਨੂੰ ਸਮੇਂ ਸਿਰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।