ਚੰਡੀਗੜ੍ਹ 25 ਅਗਸਤ 2022 – ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਅਤੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 5 ਜਨਵਰੀ ਨੂੰ ਆਏ ਸਨ ਤਾਂ ਜੋ ਵੀ ਹੋਇਆ, ਉਹ ਮਾੜਾ ਸੀ। ਪੰਜਾਬੀਆਂ ਨੂੰ ਮੇਜ਼ਬਾਨੀ ਲਈ ਜਾਣਿਆ ਜਾਂਦਾ ਹੈ, ਅੱਜ ਅਸੀਂ ਉਨ੍ਹਾਂ ‘ਤੇ ਅੱਖਾਂ ਵਿਛਾ ਰਹੇ ਹਾਂ। ਅਸੀਂ ਖੁਸ਼ਕਿਸਮਤ ਹਾਂ ਕਿ ਤੁਸੀਂ ਆਏ ਹੋ। ਇਸ ਮੌਕੇ ਸਮੁੱਚੀ ਕੈਬਨਿਟ ਨਾਲ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਵਿਚ ਕੁਤਾਹੀ ਕਰਨ ‘ਤੇ ਅਫਸੋਸ ਪ੍ਰਗਟ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਤੁਹਾਡੇ ਸਵਾਗਤ ਲਈ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦੀ ਮੁੰਦਰੀ ‘ਦੇ ਨਗੀਨੇ ਵਾਂਗ ਹੈ। ਪ੍ਰਧਾਨ ਮੰਤਰੀ ਇਸ ਰਤਨ ਦੀ ਚਮਕ ਬਰਕਰਾਰ ਰੱਖੋ। ਉਨ੍ਹਾਂ ਪ੍ਰਧਾਨ ਮੰਤਰੀ ਦੇ ਵੱਡੇ ਦਿਲ ਦਾ ਹਵਾਲਾ ਦਿੰਦੇ ਹੋਏ ਅਸਿੱਧੇ ਤੌਰ ‘ਤੇ ਪੰਜਾਬ ਲਈ ਮਦਦ ਦੀ ਮੰਗ ਕੀਤੀ, ਪਰ ਪ੍ਰਧਾਨ ਮੰਤਰੀ ਆਪਣੇ ਸੰਬੋਧਨ ‘ਚ ਇਸ ‘ਤੇ ਚੁੱਪ ਰਹੇ। ਹਾਲਾਂਕਿ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਪਹਿਲਾਂ ਮਾਨ ਨੇ ਗੰਢ-ਤੁੱਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ, ਅਸੀਂ ਬੀਐਸਐਫ ਅਤੇ ਕੇਂਦਰ ਨਾਲ ਮਿਲ ਕੇ ਚੱਲ ਰਹੇ ਹਾਂ। ਵਿਘਨ ਪਾਉਣ ਵਾਲੀਆਂ ਤਾਕਤਾਂ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦਿਆਂਗੇ। ਸਮੇਂ-ਸਮੇਂ ‘ਤੇ ਪਾਕਿਸਤਾਨ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ‘ਚ ਕੋਈ ਕਸਰ ਬਾਕੀ ਨਹੀਂ ਛੱਡਦਾ ਪਰ ਸਾਡੀ ਨਿਗਰਾਨੀ ਵੀ ਇੰਨੀ ਮਜ਼ਬੂਤ ਹੈ ਕਿ ਹਰ ਵਾਰ ਅਸੀਂ ਪਾਕਿਸਤਾਨ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੰਦੇ ਹਾਂ।
ਪਰ ਜਦੋਂ ਮਾਨ ਦੀਆਂ ਤਾਰੀਫਾਂ ਮਗਰੋਂ ਵੀ ਮੋਦੀ ਵੱਲੋਂ ਪੰਜਾਬ ਨੂੰ ਕੋਈ ਪੈਕੇਜ ਨਹੀਂ ਮਿਲਿਆ ਤਾਂ ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁਖ ਮੰਤਰੀ ‘ਤੇ ਸਵਾਲ ਚੁੱਕੇ ਅਤੇ ਟਵੀਟ ਕਰਦਿਆਂ ਕਿਹਾ ਕਿ ਪੀਐਮ ਮੋਦੀ ਦੀ ਤਾਰੀਫ਼ ਕਰਨ ਦੀ ਬਜਾਏ ਜੇ ਭਗਵੰਤ ਮਾਨ ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦਿਆਂ ਬੋਲਦੇ ਇਲਾਕਿਆਂ ਬਾਰੇ, Bbmb ਵਿੱਚ ਹਿੱਸੇਦਾਰੀ, MSP ‘ਤੇ ਕਾਨੂੰਨ, “ਬੰਦੀ-ਸਿੱਖਾਂ” ਦੀ ਰਿਹਾਈ ਅਤੇ ਕੇਂਦਰ ਦੁਆਰਾ ਰਾਜਾਂ ਦੀ ਖੁਦਮੁਖਤਿਆਰੀ ‘ਤੇ ਹਮਲੇ ਵਰਗੇ ਸਿਆਸੀ ਮੁੱਦੇ ਉਠਾਏ ਜਾਣੇ ਚਾਹੀਦੇ ਸੀ। ਸਿਰਫ ਰੈਲੀਆਂ ‘ਤੇ ਇਹ ਮੁੱਦੇ ਉਠਾਉਣ ਦਾ ਕੋਈ ਮਤਲਬ ਨਹੀਂ ਹੈ।

ਅਸਲ’ਚ ਪੰਜਾਬ ਨੂੰ ਪੂਰੀ ਉਮੀਦ ਸੀ ਕਿ ਪ੍ਰਧਾਨ ਮੰਤਰੀ ਕੈਂਸਰ ਹਸਪਤਾਲ ਦੇ ਉਦਘਾਟਨ ਸਮਾਰੋਹ ਵਿੱਚ ਪੰਜਾਬ ਲਈ ਪੈਕੇਜ ਦਾ ਐਲਾਨ ਕਰਨਗੇ। ਇਹ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਚੋਣਾਂ ਦੌਰਾਨ ਪੰਜਾਬ ਦਾ ਦੌਰਾ ਕਰਨ ਵੇਲੇ ਪ੍ਰਧਾਨ ਮੰਤਰੀ ਜਦੋਂ ਵਾਪਸ ਚਲੇ ਗਏ ਸੀ ਤਾਂ ਚੰਨੀ ਸਰਕਾਰ ਤੋਂ ਨਾਰਾਜ਼ ਸਨ ਪਰ ਅੱਜ ਉਹ ਪੰਜਾਬ ਸਰਕਾਰ ਦੀ ਹਾਜ਼ਰੀ ਤੋਂ ਖੁਸ਼ ਹੋ ਕੇ ਕੋਈ ਐਲਾਨ ਕਰ ਸਕਦੇ ਹਨ, ਪਰ ਆਪਣੇ ਸਾਦੇ ਢੰਗ ਨਾਲ ਭਾਸ਼ਣ, ਪ੍ਰਧਾਨ ਮੰਤਰੀ ਨੇ ਕੈਂਸਰ ਹਸਪਤਾਲ ਤੋਂ ਇਲਾਵਾ ਸਿਹਤ ਅਤੇ ਕੇਂਦਰੀ ਯੋਜਨਾਵਾਂ ‘ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦਾ ਵਿਜ਼ਨ ਕੀ ਹੈ ਅਤੇ ਸਰਕਾਰ ਦੇਸ਼ ਦੀ ਸਿਹਤ ਨੂੰ ਸੁਧਾਰਨ ਲਈ ਕਿਵੇਂ ਕੰਮ ਕਰ ਰਹੀ ਹੈ। ਪੰਜਾਬ ਦੀ ਧਰਤੀ ‘ਤੇ ਬਣਿਆ ਇਹ ਕੈਂਸਰ ਹਸਪਤਾਲ ਇਸ ਦੀ ਪਛਾਣ ਹੈ।
