- ਸੁਖਬੀਰ ਗੋਲੀਕਾਂਡ ਸਮੇਂ ਗ੍ਰਹਿ ਮੰਤਰੀ ਸੀ
ਚੰਡੀਗੜ੍ਹ, 25 ਅਗਸਤ 2022 – ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ। ਸੁਖਬੀਰ ਨੂੰ 30 ਅਗਸਤ ਨੂੰ ਸਵੇਰੇ 10.30 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਸ ਤੋਂ 2015 ਦੀ ਗੋਲੀ ਕਾਂਡ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਕੋਟਕਪੂਰਾ ‘ਚ ਬੇਅਦਬੀ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਗੋਲੀਬਾਰੀ ਦੇ ਸਮੇਂ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ। ਗ੍ਰਹਿ ਵਿਭਾਗ ਵੀ ਉਸ ਦੇ ਕੋਲ ਸੀ। ਇਹ ਗੋਲੀਬਾਰੀ ਪੁਲਿਸ ਵੱਲੋਂ ਕੀਤੀ ਗਈ ਅਤੇ ਪੁਲਿਸ ਨੂੰ ਇਹ ਹੁਕਮ ਕਿਸਨੇ ਦਿੱਤੇ ਸਨ ? ਸੁਖਬੀਰ ਕੋਲੋਂ ਇਸ ਬਾਰੇ ਜਾਂਚ ਕੀਤੀ ਜਾਵੇਗੀ। ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਪੁਲਿਸ ਗੋਲੀ ਕਾਂਡ ਦੀ ਜਾਂਚ ਵਿੱਚ ਐਸਆਈਟੀ ਵੱਲੋਂ ਪੁੱਛਗਿੱਛ ਲਈ ਸਬੰਧਤ ਰਿਕਾਰਡ ਸਮੇਤ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਤੋਂ ਇਸ ਬਾਰੇ ਪੁੱਛਗਿੱਛ ਹੋ ਚੁੱਕੀ ਹੈ।
ਇਸ ਮਾਮਲੇ ਵਿੱਚ ਏਡੀਜੀਪੀ ਐਲਕੇ ਯਾਦਵ ਦੀ ਐਸਆਈਟੀ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਗਿੱਛ ਕੀਤੀ ਹੈ। ਕੋਟਕਪੂਰਾ ਵਿੱਚ ਗੋਲੀਬਾਰੀ ਦੇ ਸਮੇਂ ਸੁਮੇਧ ਸੈਣੀ ਪੰਜਾਬ ਦੇ ਡੀਜੀਪੀ ਸਨ। ਸੈਣੀ ਤੋਂ ਐਸਆਈਟੀ ਨੇ ਕਰੀਬ 4 ਘੰਟੇ ਪੁੱਛਗਿੱਛ ਕੀਤੀ। ਹਾਲਾਂਕਿ ਇਸ ਵਿੱਚੋਂ ਕੀ ਨਿਕਲਿਆ ? ਐਸਆਈਟੀ ਨੇ ਇਸ ਬਾਰੇ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ।