- ਵੈਰੀਫ਼ਿਕੇਸ਼ਨ ਪ੍ਰਕਿਰਿਆ ਮੁਕੰਮਲ ਹੋਣ ‘ਤੇ 119 ਹੋਰ ਉਮੀਦਵਾਰਾਂ ਨੂੰ ਅਗਲੇ ਦਿਨਾਂ ਦੌਰਾਨ ਦਿੱਤੇ ਜਾਣਗੇ ਨਿਯੁਕਤੀ ਪੱਤਰ
- ਹੋਰ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਛੇਤੀ ਜਾਰੀ ਕੀਤਾ ਜਾਵੇਗਾ ਇਸ਼ਤਿਹਾਰ
ਚੰਡੀਗੜ੍ਹ, 25 ਅਗਸਤ 2022 – ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਤਹਿਤ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ 29 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਲਾਈਵਸਟਾਕ ਕੰਪਲੈਕਸ ਐਸ.ਏ.ਐਸ. ਨਗਰ ਵਿਖੇ ਸਾਦੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਵਿਭਾਗ ਵਿੱਚ ਭਰਤੀ ਕੀਤੇ ਜਾ ਰਹੇ 148 ਵੈਟਰਨਰੀ ਇੰਸਪੈਕਟਰਾਂ ਵਿੱਚੋਂ ਜਿਨ੍ਹਾਂ ਉਮੀਦਵਾਰਾਂ ਦੀ ਵੈਰੀਫ਼ਿਕੇਸ਼ਨ ਮੁਕੰਮਲ ਹੋ ਚੁੱਕੀ ਹੈ, ਉਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਵੈਰੀਫ਼ਿਕੇਸ਼ਨ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਰਹਿੰਦੇ 119 ਹੋਰ ਉਮੀਦਵਾਰਾਂ ਨੂੰ ਅਗਲੇ ਦਿਨਾਂ ਦੌਰਾਨ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ 418 ਵੈਟਰਨਰੀ ਅਫ਼ਸਰਾਂ ਦੀ ਭਰਤੀ ਸਬੰਧੀ ਪ੍ਰਕਿਰਿਆ ਜਾਰੀ ਹੈ। ਪਿਛਲੇ ਦਿਨੀਂ ਇਨ੍ਹਾਂ ਉਮੀਦਵਾਰਾਂ ਦੀ ਪ੍ਰੀਖਿਆ ਲਈ ਗਈ ਹੈ ਅਤੇ ਛੇਤੀ ਹੀ ਇਹ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵਿੱਚ ਹੋਰ ਵੈਟਰਨਰੀ ਇੰਸਪੈਕਟਰਾਂ ਅਤੇ ਸਟਾਫ਼ ਦੀ ਭਰਤੀ ਲਈ ਛੇਤੀ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਯੋਗਤਾ ਅਨੁਸਾਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਜਾਰੀ ਰੱਖਣ।
ਕੈਬਨਿਟ ਮੰਤਰੀ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਅਪੀਲ ਕੀਤੀ ਕਿ ਨਵ-ਨਿਯੁਕਤ ਮੁਲਾਜ਼ਮ ਇਮਾਨਦਾਰੀ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਲੈਣ।
ਉਨ੍ਹਾਂ ਉਮੀਦ ਜਤਾਈ ਕਿ ਹੁਣ ਜਦੋਂ ਕਿਸਾਨ ਅਤੇ ਪਸ਼ੂ ਪਾਲਕ, ਆਪਣੇ ਪਸ਼ੂਆਂ ਨੂੰ ਲੰਪੀ ਸਕਿਨ ਅਤੇ ਅਫ਼ਰੀਕਨ ਸਵਾਈਨ ਫ਼ੀਵਰ ਜਿਹੀਆਂ ਬੀਮਾਰੀਆਂ ਕਰਕੇ ਬਿਪਤਾ ਵਿੱਚ ਹਨ ਤਾਂ ਪਸ਼ੂ ਪਾਲਣ ਵਿਭਾਗ ਇਸ ਨਵੀਂ ਭਰਤੀ ਨਾਲ ਹੋਰ ਮਜ਼ਬੂਤ ਹੋ ਕੇ ਇਨ੍ਹਾਂ ਬੀਮਾਰੀਆਂ ਦਾ ਟਾਕਰਾ ਕਰੇਗਾ ਅਤੇ ਪਸ਼ੂ ਪਾਲਕਾਂ ਨੂੰ ਰਾਹਤ ਦਿਵਾਏਗਾ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਨਵ-ਨਿਯੁਕਤ ਵੈਟਰਨਰੀ ਇੰਸਪੈਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਲਗਨ ਨਾਲ ਕੰਮ ਕਰਨ ਦਾ ਪ੍ਰਣ ਲੈਣ ਤਾਂ ਜੋ ਵਿਭਾਗ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਸਕੇ ਅਤੇ ਕਿਸਾਨ ਤੇ ਪਸ਼ੂ ਪਾਲਕ ਵਿਭਾਗ ਦੀਆਂ ਸੇਵਾਵਾਂ ਦਾ ਲਾਹਾ ਲੈ ਸਕਣ।
ਸਮਾਗਮ ਦੌਰਾਨ ਡਾਇਰੈਕਟਰ ਪਸ਼ੂ ਪਾਲਣ ਡਾ. ਸੁਭਾਸ਼ ਚੰਦਰ ਗੋਇਲ, ਡਾਇਰੈਕਟਰ ਡੇਅਰੀ ਡਾ. ਕੁਲਦੀਪ ਸਿੰਘ, ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।