ਚੰਡੀਗੜ੍ਹ, 26 ਅਗਸਤ 2022 – ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਹੁਣ ਵਿਜੀਲੈਂਸ ਬਿਊਰੋ ਦੇ ਰਡਾਰ ‘ਚ ਆ ਗਏ ਹਨ। ਮਨਪ੍ਰੀਤ ‘ਤੇ ਕਣਕ-ਝੋਨੇ ਦੀ ਢੋਆ-ਢੁਆਈ ‘ਚ ਫਰਜ਼ੀ ਕੰਪਨੀਆਂ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦਾ ਦੋਸ਼ ਹੈ। ਇਹ ਦੋਸ਼ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਬਠਿੰਡਾ ਨੇ ਲਾਏ ਹਨ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨਾਲ ਸਬੰਧਤ ਰਿਕਾਰਡ ਮੰਗਿਆ ਹੈ।
ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਵਿਚ ਕਿਹਾ ਗਿਆ ਹੈ ਕਿ 2017 ਤੋਂ 2022 ਦੌਰਾਨ ਮਨਪ੍ਰੀਤ ਬਾਦਲ ਦੇ ਡਰਾਈਵਰ ਅਤੇ ਗੰਨਮੈਨ ਦੇ ਨਾਂ ‘ਤੇ ਫਰਜ਼ੀ ਕੰਪਨੀਆਂ ਬਣਾਈਆਂ ਗਈਆਂ। ਜਿਸ ‘ਚ ਮਨਪ੍ਰੀਤ ਦੇ ਰਿਸ਼ਤੇਦਾਰਾਂ ‘ਤੇ ਵੀ ਸਵਾਲ ਚੁੱਕੇ ਗਏ ਹਨ। ਮਨਪ੍ਰੀਤ ‘ਤੇ ਇਕ ਨਿੱਜੀ ਟਰਾਂਸਪੋਰਟ ਕੰਪਨੀ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਹੈ। ਜੋ ਉਸ ਦੇ ਰਿਸ਼ਤੇਦਾਰ ਦੇ ਡਰਾਈਵਰ ਦੇ ਨਾਂ ’ਤੇ ਹੈ।
ਉਥੇ ਹੀ ਮਨਪ੍ਰੀਤ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਜੌਹਲ ਨੇ ਇਹ ਦੋਸ਼ ਨਾਕਾਰ ਦਿੱਤੇ ਹਨ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਇਸ ਮਾਮਲੇ ਵਿੱਚ ਹੋਰ ਵੇਰਵੇ ਦੇਣਗੇ।
ਉਥੇ ਹੀ ਬਠਿੰਡਾ ਵਿਜੀਲੈਂਸ ਬਿਊਰੋ ਦੇ ਡੀਐਸਪੀ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਵਿਭਾਗ ਤੋਂ ਰਿਕਾਰਡ ਮੰਗਿਆ ਜਾ ਰਿਹਾ ਹੈ। ਵਿਜੀਲੈਂਸ ਕਿਸੇ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਰਿਕਾਰਡ ਦੀ ਪੜਤਾਲ ਕਰੇਗੀ।
ਖਾਸ ਗੱਲ ਇਹ ਹੈ ਕਿ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸਤ ਵਿੱਚ ਲਿਆਂਦਾ ਸੀ। ਮਾਨ ਨੇ ਮਨਪ੍ਰੀਤ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀਪੀਪੀ) ਤੋਂ ਪਹਿਲੀ ਚੋਣ ਲੜੀ ਸੀ। ਇਸ ਤੋਂ ਬਾਅਦ ਮਨਪ੍ਰੀਤ ਕਾਂਗਰਸ ਅਤੇ ਮਾਨ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ।