ਮੋਹਾਲੀ, 26 ਅਗਸਤ 2022 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਅਗਸਤ ਨੂੰ ਮੋਹਾਲੀ ਦੇ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਕੇ ਹਸਪਤਾਲ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਸੀ। ਇਸ ਹਸਪਤਾਲ ਨਾਲ ਪੰਜਾਬ ਦੇ ਕੈਂਸਰ ਪੀੜਤਾਂ ਦੇ ਨਾਲ-ਨਾਲ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ।
ਹਸਪਤਾਲ ਨੇ ਪੀਐਮ ਮੋਦੀ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਕੁਝ ਮਰੀਜ਼ਾਂ ਚੈਕਅਪ ਸ਼ੁਰੂ ਕਰ ਦਿੱਤਾ ਸੀ। ਰੋਜ਼ਾਨਾ 10 ਤੋਂ 15 ਮਰੀਜ਼ ਰਜਿਸਟਰਡ ਹੋ ਰਹੇ ਸਨ, ਪਰ ਪ੍ਰਧਾਨ ਮੰਤਰੀ ਦੇ ਉਦਘਾਟਨ ਦੇ ਅਗਲੇ ਦਿਨ ਯਾਨੀ 25 ਅਗਸਤ ਨੂੰ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਵਿੱਚ 3 ਗੁਣਾ ਵਾਧਾ ਹੋਇਆ ਹੈ। ਹਸਪਤਾਲ ਵਿੱਚ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ, ਇਸ ਲਈ ਮਰੀਜ਼ ਨੂੰ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪਵੇਗੀ।
ਕੈਂਸਰ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਪਹਿਲੇ ਦਿਨ 56 ਮਰੀਜ਼ਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਹਸਪਤਾਲ ਵਿੱਚ ਡੇ-ਕੇਅਰ ਅਤੇ ਮਾਈਨਰ ਅਪਰੇਸ਼ਨ ਥੀਏਟਰ ਵੀ ਸ਼ੁਰੂ ਕੀਤਾ ਗਿਆ ਹੈ। ਹੋਮੀ ਭਾਭਾ ਕੈਂਸਰ ਹਸਪਤਾਲ ਦੇ ਡਿਪਟੀ ਡਾਇਰੈਕਟਰ ਅਸ਼ੀਸ਼ ਗੁਲੀਆ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਆਧੁਨਿਕ ਮਸ਼ੀਨਾਂ ਅਤੇ ਲੈਬ ਰਾਹੀਂ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ। ਮਰੀਜ਼ ਦੀ ਕੈਟਾਗਰੀ ਦੇ ਹਿਸਾਬ ਨਾਲ ਖਰਚਾ ਲਿਆ ਜਾਵੇਗਾ, ਜਿਸ ਵਿੱਚ ਜਨਰਲ ਕੈਟਾਗਰੀ ਦੇ ਮਰੀਜ਼ਾਂ ਲਈ ਮੈਮੋਗ੍ਰਾਫੀ ਅਤੇ ਕੀਮੋ 40 ਰੁਪਏ, ਸੀਟੀ ਬ੍ਰੇਨ 900 ਤੋਂ 1500 ਰੁਪਏ, ਐਕਸਰੇ 100 ਰੁਪਏ, ਐਮਆਰਆਈ 2100 ਰੁਪਏ ਅਤੇ ਪੇਟ ਦਾ ਅਲਟਰਾਸਾਊਂਡ 240 ਰੁਪਏ ਹੋਵੇਗਾ। ਹਸਪਤਾਲ ਦੀ ਫਾਰਮੇਸੀ ਤੋਂ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਖਰੀਦਣ ‘ਤੇ ਮਰੀਜ਼ ਨੂੰ ਬਾਜ਼ਾਰ ਨਾਲੋਂ 50 ਤੋਂ 80 ਫੀਸਦੀ ਤੱਕ ਦੀ ਛੋਟ ਮਿਲੇਗੀ।
ਦੱਸ ਦੇਈਏ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਇਲਾਜ ਸ਼ੁਰੂ ਨਹੀਂ ਕੀਤਾ ਗਿਆ ਹੈ। ਇਸ ਕਾਰਨ ਪਹਿਲੇ ਦਿਨ ਕੁਝ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
“ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਇੱਕ ਧਰਮਸ਼ਾਲਾ ਹੈ ਜੋ ਸਿਰਫ ਨਾਲ ਆਉਣ ਵਾਲੇ ਮਰੀਜ਼ਾਂ ਲਈ ਹੈ। ਇੱਥੇ ਖਾਣ-ਪੀਣ ਲਈ ਇੱਕ ਕੰਟੀਨ ਵੀ ਹੈ ਜੋ ਕਿ ਇਸ ਸਾਈਡ ‘ਤੇ ਹੈ। ਇਸ ਸਮੇਂ ਪੰਜਾਬ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਸਾਰੇ ਮਰੀਜ਼ਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਅਤੇ ਇੱਕ-ਦੋ ਦਿਨਾਂ ਵਿੱਚ ਆਯੂਸ਼ਮਾਨ ਕਾਰਡ ਵਾਲੇ ਮਰੀਜ਼ਾਂ ਦਾ ਵੀ ਮੁਫ਼ਤ ਇਲਾਜ ਸ਼ੁਰੂ ਹੋ ਜਾਵੇਗਾ।