ਮਾਨਸਾ, 28 ਅਗਸਤ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰ ਨੀ ਮਿਲ ਰਹੇ ਵੀਵੀਆਈਪੀ ਟਰੀਟਮੈਂਟ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਬਲਕੌਰ ਸਿੰਘ ਨੇ ਦੱਸਿਆ ਕਿ ਲਾਰੈਂਸ ਇੱਕ ਲੱਖ ਬੂਟ ਪਾ ਕੇ ਅਦਾਲਤ ਵਿੱਚ ਆਉਂਦਾ ਹੈ। ਮੇਰਾ ਪੁੱਤਰ 100 ਰੁਪਏ ਦੀਆਂ ਚੱਪਲਾਂ ਪਾ ਕੇ ਘੁੰਮਦਾ ਰਹਿੰਦਾ ਸੀ।
ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਮੈਨੂੰ ਦੱਸੇ ਕਿ ਮੇਰੇ ਪੁੱਤਰ ਦੀ ਸੁਰੱਖਿਆ ਕਿਉਂ ਘਟਾਈ ਗਈ ? ਜੇਕਰ ਘੱਟ ਵੀ ਕੀਤੀ ਸੀ ਤਾਂ ਫਿਰ ਐਲਾਨ ਕਿਉਂ ਕੀਤਾ ਗਿਆ ? ਇਸ ਮੁੱਦੇ ‘ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਇਕ ਕਮਿਸ਼ਨ ਬਣਾਉਣ ਦੀ ਮੰਗ ਵੀ ਕੀਤੀ ਹੈ। ਉਹ ਐਤਵਾਰ ਨੂੰ ਪਿੰਡ ਮੂਸੇਵਾਲਾ ਵਿੱਚ ਪੁੱਤਰ ਮੂਸੇਵਾਲਾ ਦੇ ਪ੍ਰਸੰਸਕਾਂ ਨਾਲ ਗੱਲਬਾਤ ਕਰ ਰਹੇ ਸਨ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਗੈਂਗਸਟਰ ਆਮ ਲੋਕਾਂ ਲਈ ਬਣੇ ਕਾਨੂੰਨਾਂ ਦਾ ਫਾਇਦਾ ਉਠਾ ਰਹੇ ਹਨ। ਲਾਰੈਂਸ ‘ਤੇ 100 ਤੋਂ ਵੱਧ ਪਰਚੇ ਹਨ ਅਤੇ ਜੱਗੂ ਭਗਵਾਨਪੁਰੀਆ ‘ਤੇ ਵੀ 64 ਪਰਚੇ ਹਨ। ਇਹ ਲੋਕਾਂ ਕੋਲੋਂ ਵਸੂਲੀ ਕਰਦੇ ਹਨ। ਮੇਰੇ ਬੇਟੇ ਮੂਸੇਵਾਲਾ ਨੇ ਸਹੀ ਕਮਾਈ ਕੀਤੀ। ਉਹ 2 ਕਰੋੜ ਦਾ ਟੈਕਸ ਅਦਾ ਕਰਦਾ ਸੀ। ਇਸ ਦੇ ਬਾਵਜੂਦ ਗੈਂਗਸਟਰ ਸਰਕਾਰੀ ਮਹਿਮਾਨ ਬਣੇ ਹੋਏ ਹਨ। ਆਮ ਲੋਕਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ ਅਤੇ ਲਾਰੈਂਸ ਅਤੇ ਜੱਗੂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਲੋਕਾਂ ਨੂੰ ਕਲਾਕਾਰਾਂ ਤੋਂ ਬਚਣਾ ਚਾਹੀਦਾ ਹੈ। ਕਈ ਅਦਾਕਾਰ ਝੂਠ ਬੋਲ ਰਹੇ ਹਨ ਕਿ ਸਿੱਧੂ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਹੈ। ਅਜਿਹਾ ਕੁਝ ਵੀ ਨਹੀਂ ਸੀ। ਸਿੱਧੂ ਮੈਨੂੰ ਸਭ ਕੁਝ ਦੱਸਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਪਰਿਵਾਰ ਕਿਸੇ ਤੋਂ ਪੈਸੇ ਨਹੀਂ ਲਵੇਗਾ। ਮੇਰੇ ਪੁੱਤਰ ਨੇ ਮੈਨੂੰ ਰਾਜਾ ਬਣਾਇਆ ਹੈ। ਦੁਨੀਆ ਦੀ ਹਰ ਸਹੂਲਤ ਦੇ ਕੇ ਗਿਆ ਹੈ। ਮੇਰਾ ਕਿਸੇ ਦੇ ਸਾਹਮਣੇ ਹੱਥ ਫੈਲਾਉਣ ਦਾ ਮਤਲਬ ਹੀ ਨਹੀਂ ਹੈ।