ਜਿੰਪਾ ਵੱਲੋਂ ਬੇਹਤਰ ਆਪਸੀ ਤਾਲਮੇਲ ਲਈ ਤਿੰਨ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ

  • ਸੂਬਾ ਵਾਸੀਆਂ ਨੂੰ ਸੁਚੱਜੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੋਹਰਾਈ

ਚੰਡੀਗੜ੍ਹ, 28 ਅਗਸਤ 2022 – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਜਲ ਸਪਲਾਈ ਤੇ ਸੈਨੀਟੇਸ਼ਨ, ਜਲ ਸਰੋਤ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗਾਂ ‘ਚ ਬੇਹਤਰ ਆਪਸੀ ਤਾਲਮੇਲ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਤਿੰਨਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਭਾਗਾਂ ਵਿਚਕਾਰ ਸੁਚੱਜੇ ਆਪਸੀ ਤਾਲਮੇਲ ਸਦਕਾ ਸੂਬਾਵਾਸੀਆਂ ਨੂੰ ਬੇਹਤਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਇਸ ਮਕਸਦ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

ਜਿੰਪਾ ਨੇ ਇਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾਲਮੇਲ ਨਾਲ ਕੰਮ ਕਰਕੇ ਪ੍ਰਸਤਾਵਿਤ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿਚ ਕਈ ਪ੍ਰਾਜੈਕਟ ਦੋ ਵਿਭਾਗਾਂ ਵਿਚ ਤਾਲਮੇਲ ਦੀ ਕਮੀ ਕਾਰਣ ਲੇਟ ਹੋ ਜਾਂਦੇ ਹਨ ਜਦਕਿ ਆਪਸੀ ਤਾਲਮੇਲ ਨਾਲ ਅਜਿਹੇ ਕੰਮ ਅਸਾਨੀ ਨਾਲ ਨੇਪਰੇ ਚਾੜ੍ਹੇ ਜਾ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਪਸੀ ਕੋਆਰਡੀਨੇਸ਼ਨ ਨਾਲ ਕੰਮ ਕੀਤੇ ਜਾਣ ਤਾਂ ਜੋ ਵਿਭਾਗਾਂ ਵਿਚਲੀ ਤਾਲਮੇਲ ਦੀ ਕਮੀ ਦਾ ਖਾਮਿਆਜ਼ਾ ਲੋਕਾਂ ਨੂੰ ਨਾ ਭੁਗਤਣਾ ਪਵੇ।

ਕੈਬਨਿਟ ਮੰਤਰੀ ਨੇ ਪੰਜਾਬ ਵਿੱਚ ਚੱਲ ਰਹੇ 15 ਪੀਣਯੋਗ ਨਹਿਰੀ ਪਾਣੀ ਦੀ ਸਪਲਾਈ ਸਬੰਧੀ ਪ੍ਰਾਜੈਕਟਾਂ ਦੇ ਢਾਂਚੇ ਨੂੰ ਤੁਰੰਤ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਟਿਆਲਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਲਗਭਗ 1700 ਪਿੰਡਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਪੀਣਯੋਗ ਨਹਿਰੀ ਪਾਣੀ ਮਿਲੇਗਾ।

ਉਨ੍ਹਾਂ ਹਦਾਇਤਾਂ ਦਿੱਤੀਆਂ ਕਿ ਪੀਣਯੋਗ ਪਾਣੀ ਸਾਫ ਅਤੇ ਚੰਗੀ ਕੁਆਲਿਟੀ ਦਾ ਹੋਵੇ। ਪਾਣੀ ਦੀਆਂ ਟੈਂਕੀਆਂ ਦੀ ਸਮੇਂ ਸਿਰ ਸਫਾਈ ਕੀਤੀ ਜਾਵੇ। ਪਾਣੀ ਦੀ ਸੈਂਪਲਿੰਗ ਅਤੇ ਟੈਸਟਿੰਗ ਦੀ ਵਿਵਸਥਾ ਸਮੇਂ ਸਮੇਂ ‘ਤੇ ਕੀਤੀ ਜਾਂਦੀ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੇ ਜਿਨ੍ਹਾਂ ਇਲਾਕਿਆਂ ਵਿਚ ਪਾਣੀ ਪੀਣਯੋਗ ਨਹੀਂ ਹੈ, ਉੱਥੇ ਤੁਰੰਤ ਆਰ.ਓ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਕਈ ਆਰਸੈਨਿਕ ਪ੍ਰਭਾਵਿਤ ਇਲਾਕਿਆਂ ਵਿਚ ਆਈ.ਆਈ.ਟੀ. ਮਦਰਾਸ ਦੀ ਮਦਦ ਨਾਲ ਆਰਸੈਨਿਕ-ਕਮ-ਆਇਰਨ ਰਿਮੂਵਲ ਪਲਾਂਟ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਸ਼ੁੱਧ ਪਾਣੀ ਪੀ ਸਕਣ।

ਜਿੰਪਾ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਨੂਰਪੁਰ ਬੇਦੀ ਨੇੜੇ ਸਤਲੁਜ ਦਰਿਆ ਤੋਂ ਟੈਪਿੰਗ ਪੁਆਇੰਟ ਨੂੰ ਅੰਤਿਮ ਰੂਪ ਦੇਣ ਦੀ ਹਦਾਇਤ ਵੀ ਕੀਤੀ। ਇਹ ਪ੍ਰਸਤਾਵਿਤ ਪ੍ਰਾਜੈਕਟ ਹੁਸ਼ਿਆਰਪੁਰ ਸ਼ਹਿਰ ਅਤੇ ਗੜਸ਼ੰਕਰ ਤੇ ਮਾਹਿਲਪੁਰ ਬਲਾਕਾਂ ਤੋਂ ਇਲਾਵਾ ਕੰਢੀ/ਬੀਤ ਖੇਤਰ ਦੇ 350 ਪਿੰਡਾਂ ਨੂੰ ਪੀਣਯੋਗ ਸਤਹੀ ਪਾਣੀ ਦੀ ਸਪਲਾਈ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਸਾਰੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਤਹੀ ਪਾਣੀ ਦੀ ਸਪਲਾਈ ਨਾਲ ਜੋੜਿਆ ਜਾਵੇਗਾ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਦੇ ਹਰ ਘਰ ਨੂੰ ਟੂਟੀ ਵਾਲਾ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅਧਿਕਾਰੀਆਂ ਨੂੰ ਸਖਤ ਮਿਹਨਤ ਕਰਨ ਦੇ ਨਾਲ-ਨਾਲ ਸਰਕਾਰੀ ਸਕੀਮਾਂ ਨੂੰ ਸਮੇਂ ਸਿਰ ਪੂਰਾ ਕਰਕੇ ਲਾਗੂ ਕਰਨ ਲਈ ਵੀ ਕਿਹਾ।

ਜਿੰਪਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰੀ ਖੇਤਰਾਂ ਵਿੱਚ ਬਣਾਏ ਜਾ ਰਹੇ 59 ਐਸ.ਟੀ.ਪੀਜ਼. ਵਿੱਚ ਨੇੜਲੇ ਪਿੰਡਾਂ ਦੇ ਗੰਦੇ ਪਾਣੀ ਨੂੰ ਸੋਧਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੀ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਸਬੰਧੀ ਲੋੜਾਂ ਬਾਰੇ ਯਤਨ ਕਰਨ ਦੇ ਨਿਰਦੇਸ਼ ਵੀ ਦਿੱਤੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੰਡੀਅਨ ਨੈਸ਼ਨਲ ਕਾਂਗਰਸ ਪ੍ਰਧਾਨ ਦੀ ਚੋਣ ਲਈ 17 ਅਕਤੂਬਰ ਨੂੰ ਹੋਵੇਗੀ ਵੋਟਿੰਗ

ਸੂਬੇ ’ਚ ਸੜਕ ਨੈਟਵਰਕ ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ ਪੰਜਾਬ ਸਰਕਾਰ : ਜਿੰਪਾ