ਲੁਧਿਆਣਾ, 30 ਅਗਸਤ 2022 – ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਦੀਆਂ ਦੋ ਫਾਈਲਾਂ ਗਾਇਬ ਹੋ ਗਈਆਂ ਹਨ। ਇਕ ਫਾਈਲ ਦਾਗੀ ਅਧਿਕਾਰੀ ਰਾਕੇਸ਼ ਸਿੰਗਲਾ ਨੂੰ ਕੇਂਦਰੀ ਵਿਜੀਲੈਂਸ ਕਮੇਟੀ (ਸੀਵੀਸੀ) ਦਾ ਚੇਅਰਮੈਨ ਬਣਾਉਣ ਦੀ ਹੈ। ਦੂਜੇ ਪਾਸੇ ਸਿੰਗਲਾ ਨੂੰ ਟੈਂਡਰ ਅਲਾਟਮੈਂਟ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਦੂਜੀ ਫਾਈਲ ਹੈ।
ਸਿੰਗਲਾ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ਦਾ ਵੀ ਮੁਲਜ਼ਮ ਹੈ। ਹਾਲਾਂਕਿ ਘੁਟਾਲੇ ਦੀ ਜਾਂਚ ਦਾ ਪਤਾ ਲੱਗਦਿਆਂ ਹੀ ਉਹ ਵਿਦੇਸ਼ ਭੱਜ ਗਿਆ। ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਿੰਗਲਾ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਸਿੰਗਲਾ ਨੇ ਨੌਕਰੀ ਦੌਰਾਨ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ।
ਟੈਂਡਰ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਇਹ ਦੋਵੇਂ ਫਾਈਲਾਂ ਮੰਗੀਆਂ ਸਨ। ਇਸ ਤੋਂ ਬਾਅਦ ਕਰੀਬ ਇੱਕ ਹਫ਼ਤੇ ਤੱਕ ਫਾਈਲਾਂ ਦੀ ਤਲਾਸ਼ੀ ਲਈ ਗਈ। ਫਿਰ ਵੀ ਫਾਈਲਾਂ ਨਹੀਂ ਮਿਲੀਆਂ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਫਾਈਲਾਂ ਨਾ ਮਿਲਣ ‘ਤੇ ਸਾਰੇ ਕਰਮਚਾਰੀਆਂ ਤੋਂ ਸਰਟੀਫਿਕੇਟ ਲਏ ਜਾ ਰਹੇ ਹਨ ਕਿ ਇਹ ਫਾਈਲਾਂ ਟਰੇਸ ਨਹੀਂ ਹੋ ਸਕਦੀਆਂ। ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੂੰ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ।
ਟੈਂਡਰ ਘੁਟਾਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੀ ਸਰਗਰਮ ਹੋ ਗਿਆ ਹੈ। ਈਡੀ ਨੇ ਵਿਜੀਲੈਂਸ ਵਿਭਾਗ ਨੂੰ ਪੱਤਰ ਲਿਖ ਕੇ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਰਜ ਕੇਸ ਦੇ ਵੇਰਵੇ ਮੰਗੇ ਹਨ। ਈਡੀ ਇਸ ਮਾਮਲੇ ਵਿੱਚ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਕਰੇਗੀ।