ਪੰਜਾਬ ਟਰਾਂਸਪੋਰਟ ਵਿਭਾਗ ਨੇ ਪੰਜ ਮਹੀਨਿਆਂ ‘ਚ 1008 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਜੁਟਾਇਆ: ਲਾਲਜੀਤ ਭੁੱਲਰ

  • ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ 1 ਅਪ੍ਰੈਲ ਤੋਂ 29 ਅਗਸਤ ਦਰਮਿਆਨ 871.36 ਕਰੋੜ ਰੁਪਏ ਦਾ ਵੱਡਾ ਹਿੱਸਾ ਟੈਕਸ ਅਤੇ ਫ਼ੀਸਾਂ ਤੋਂ ਪ੍ਰਾਪਤ ਹੋਇਆ
  • ਪਿਛਲੇ ਸਾਲ ਨਾਲੋਂ ਕਰੀਬ 332 ਕਰੋੜ ਰੁਪਏ ਦਾ ਵਾਧਾ ਦਰਜ

ਚੰਡੀਗੜ੍ਹ, 30 ਅਗਸਤ 2022 – ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਟੈਕਸ ਡਿਫ਼ਾਲਟਰਾਂ ਵਿਰੁੱਧ ਵਰਤੀ ਗਈ ਸਖ਼ਤੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਉਪਰਾਲਿਆਂ ਸਦਕਾ ਟਰਾਂਸਪੋਰਟ ਵਿਭਾਗ ਨੇ ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 1008 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਜੁਟਾਇਆ ਹੈ, ਜੋ ਪਿਛਲੇ ਸਾਲ ਨਾਲੋਂ ਕਰੀਬ 332 ਕਰੋੜ ਰੁਪਏ ਵੱਧ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ 1 ਅਪ੍ਰੈਲ, 2022 ਤੋਂ 29 ਅਗਸਤ, 2022 ਦਰਮਿਆਨ ਵੱਖ-ਵੱਖ ਟੈਕਸਾਂ ਤੋਂ 1008.41 ਕਰੋੜ ਰੁਪਏ ਦੀ ਆਮਦਨ ਹੋਈ ਹੈ ਜਿਸ ਵਿੱਚੋਂ ਵੱਡਾ ਹਿੱਸਾ 871.36 ਕਰੋੜ ਰੁਪਏ ਟੈਕਸ ਅਤੇ ਫ਼ੀਸਾਂ ਆਦਿ ਤੋਂ ਪ੍ਰਾਪਤ ਹੋਇਆ ਹੈ ਜਦਕਿ 75.10 ਕਰੋੜ ਰੁਪਏ ਸਮਾਜਿਕ ਸੁਰੱਖਿਆ ਸੈੱਸ, 18.45 ਕਰੋੜ ਰੁਪਏ ਕੰਪਾਊਂਡਿੰਗ ਫ਼ੀਸ ਅਤੇ 43.50 ਕਰੋੜ ਰੁਪਏ ਪੰਜਾਬ ਸਟੇਟ ਟਰਾਂਸਪੋਰਟ ਸੁਸਾਇਟੀ (ਪੀ.ਐਸ.ਟੀ.ਐਸ) ਤੋਂ ਪ੍ਰਾਪਤ ਹੋਏ ਹਨ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਇਸੇ ਅਰਸੇ ਦੌਰਾਨ ਵਿਭਾਗ ਨੂੰ 676.68 ਕਰੋੜ ਰੁਪਏ ਦੀ ਕਮਾਈ ਹੋਈ ਸੀ, ਜਿਸ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਉਸਾਰੂ ਅਤੇ ਨਿਰੰਤਰ ਉਦਮਾਂ ਸਦਕਾ ਇਸ ਵਾਰ ਕਰੀਬ 331.73 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ 6 ਮਈ ਤੋਂ 5 ਅਗਸਤ, 2022 ਤੱਕ ਦੀ ਮਿਆਦ ਵਾਲੀ ਐਮਨੈਸਟੀ ਸਕੀਮ ਤਹਿਤ 38.93 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਇਹ ਬਕਾਇਆ ਕਾਫ਼ੀ ਦੇਰ ਤੋਂ ਡਿਫ਼ਾਲਟਰਾਂ ਵੱਲ ਖੜ੍ਹਾ ਸੀ।

ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੁਰਾਣੇ ਵਾਹਨਾਂ ਦੇ ਫਿਟਨੈਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦੇ ਕੰਮ ਦੇ ਛੇਤੀ ਨਿਪਟਾਰੇ ਲਈ ਸਾਰੀਆਂ 11 ਆਸਾਮੀਆਂ ‘ਤੇ ਮੋਟਰ ਵਾਹਨ ਇੰਸਪੈਕਟਰਾਂ (ਐਮ.ਵੀ.ਆਈ.) ਦੀ ਤੈਨਾਤੀ ਕੀਤੀ ਗਈ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਸੇਵਾਵਾਂ ਦੀ ਛੇਤੀ ਡਿਲੀਵਰੀ ਮਿਲੇਗੀ, ਉਥੇ ਸਰਕਾਰ ਦੇ ਮਾਲੀਏ ਵਿੱਚ ਵੀ ਹੋਰ ਵਾਧਾ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਟਕਪੂਰਾ ਗੋਲੀ ਕਾਂਡ ‘ਚ SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, ਲਟਕ ਰਹੀ ਸੀ ਗ੍ਰਿਫਤਾਰੀ ਦੀ ਤਲਵਾਰ

ਵਧਦੀ ਮਹਿੰਗਾਈ ਨੂੰ ਰੋਕਣ ‘ਚ ਅਸਫਲ ਮੋਦੀ ਸਰਕਾਰ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਡੇਗਣ ਲਈ ਖਰਚ ਰਹੀ ਜਨਤਾ ਦਾ ਪੈਸਾ: ਆਪ