ਵਧਦੀ ਮਹਿੰਗਾਈ ਨੂੰ ਰੋਕਣ ‘ਚ ਅਸਫਲ ਮੋਦੀ ਸਰਕਾਰ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਡੇਗਣ ਲਈ ਖਰਚ ਰਹੀ ਜਨਤਾ ਦਾ ਪੈਸਾ: ਆਪ

  • ਦਿੱਲੀ ‘ਚ ‘ਆਪ੍ਰੇਸ਼ਨ ਲੋਟਸ’ ਫੇਲ ਹੋਣ ‘ਤੇ ‘ਆਪ’ ਵਿਧਾਇਕਾਂ ਨੂੰ ਨਿਸ਼ਾਨਾ ਬਣਾ ਕੇ ਦਲ ਬਦਲਣ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ‘ਚ ਭਾਜਪਾ: ਮਲਵਿੰਦਰ ਸਿੰਘ ਕੰਗ
  • ਕੰਗ ਦਾ ਸਵਾਲ: ਜੇਕਰ ਇਮਾਨਦਾਰ ਹਨ ਤਾਂ ਜਾਂਚ ਤੋਂ ਭੱਜ ਕਿਉਂ ਰਹੇ ਹਨ ਸੁਖਬੀਰ ਬਾਦਲ?

ਚੰਡੀਗੜ੍ਹ, 30 ਅਗਸਤ 2022 – ਦੇਸ਼ ਵਿਚ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਆਮ ਲੋਕਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਦੇਣ ਦੀ ਬਜਾਏ ਲੋਕਾਂ ਦੇ ਟੈਕਸ ਦੇ ਕਰੋੜਾਂ ਰੁਪਏ ਦੇਸ਼ ‘ਚ ਹੋਰ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਣ ਲਈ ਇਸਤੇਮਾਲ ਕਰਨ ਦਾ ਦੋਸ਼ ਲਾਇਆ।

ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਟੈਕਸਦਾਤਾਵਾਂ ਦਾ ਪੈਸਾ ਉਨ੍ਹਾਂ ਦੀ ਭਲਾਈ ‘ਤੇ ਖਰਚਣ ਦੀ ਬਜਾਏ ਵੱਖ-ਵੱਖ ਰਾਜਾਂ ਵਿੱਚ ਵਿਰੋਧੀਆਂ ਦੀਆਂ ਸਰਕਾਰਾਂ ਡੇਗਣ ਲਈ ਵਰਤ ਰਹੇ ਹਨ ਪਰ ਉਹ ਦਿੱਲੀ ਵਿੱਚ ਅਜਿਹਾ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ।

ਕੰਗ ਨੇ ਕਿਹਾ ਕਿ ਭਾਜਪਾ ਦਾ ‘ਆਪ੍ਰੇਸ਼ਨ ਲੋਟਸ’ ਦਿੱਲੀ ‘ਚ ਫੇਲ ਹੋ ਗਿਆ ਭਾਵੇਂ ਕਿ ਉਨ੍ਹਾਂ ਨੇ ‘ਆਪ’ ਦੇ ਕਈ ਵਿਧਾਇਕਾਂ ਨੂੰ 20-20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਭਾਜਪਾ ਨੇ ਸਰਕਾਰਾਂ ਨੂੰ ਡੇਗਣ ਲਈ ਹੁਣ ਤੱਕ 6,300 ਕਰੋੜ ਰੁਪਏ ਦੀ ਵੱਡੀ ਰਾਸ਼ੀ ਖਰਚ ਕੀਤੀ ਹੈ। ਭਾਜਪਾ ਨੇ ਹਾਲ ਹੀ ਵਿੱਚ ਮਹਾਰਾਸ਼ਟਰ, ਅਰੁਣਾਚਲ, ਮਨੀਪੁਰ ਅਤੇ ਗੋਆ ਵਿੱਚ ਸਰਕਾਰਾਂ ਗਿਰਾ ਕਿ ਆਪਣੀ ਸਰਕਾਰ ਬਣਾਈ ਅਤੇ ਹੁਣ ਉਨ੍ਹਾਂ ਦੀਆਂ ਨਜ਼ਰਾਂ ਝਾਰਖੰਡ ‘ਤੇ ਹਨ। 2014 ‘ਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਜਪਾ ਨੇ ਖਰੀਦੋ-ਫਰੋਖ਼ਤ ਨਾਲ 8 ਸੂਬਿਆਂ ‘ਚ ਚੁਣੀਆਂ ਹੋਈਆਂ ਸਰਕਾਰਾਂ ਡੇਗੀਆਂ ਹਨ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗੁਜਰਾਤ ਬੰਦਰਗਾਹਾਂ ਤੋਂ 22000 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ ਕਰਨ ਅਤੇ ਗੁਜਰਾਤ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦੀ ਸੀਬੀਆਈ ਜਾਂਚ ਕਰਵਾਉਣ ਲਈ ਕਿਹਾ। ਪਰ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਨਜ਼ਰਅੰਦਾਜ਼ ਕਰ ਸਿਰਫ਼ ਵਿਰੋਧੀ ਧਿਰਾਂ ਦੀਆਂ ਚੁਣੀਆਂ ਸਰਕਾਰਾਂ ਨੂੰ ਡੇਗਣ ‘ਤੇ ਹੀ ਕੇਂਦਰਿਤ ਹਨ।

ਉਨ੍ਹਾਂ ਕਿਹਾ ਕਿ ਐਨਡੀਏ ਦੀ ਸਰਕਾਰ ਤੋਂ ਪਹਿਲਾਂ 2014 ਵਿੱਚ ਡੀਜ਼ਲ 55 ਰੁਪਏ ਅਤੇ ਪੈਟਰੋਲ ਦੀ ਕੀਮਤ 60 ਰੁਪਏ ਸੀ ਪਰ ਹੁਣ ਇਹ ਕ੍ਰਮਵਾਰ 90 ਰੁਪਏ ਅਤੇ 110 ਰੁਪਏ ਤੋਂ ਉਪਰ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕੰਗ ਨੇ ਸਵਾਲ ਕੀਤਾ ਕਿ ਜੇਕਰ ਸੁਖਬੀਰ ਬਾਦਲ ਇਮਾਨਦਾਰ ਹਨ ਅਤੇ ਇਸ ਮਾਮਲੇ ‘ਚ ਕੁਝ ਵੀ ਛੁਪਾਉਣ ਲਈ ਨਹੀਂ ਤਾਂ ਉਹ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਤੋਂ ਭੱਜ ਕਿਉਂ ਰਹੇ ਹਨ ਅਤੇ ਸਿਟ ਸਾਹਮਣੇ ਪੇਸ਼ ਨਹੀਂ ਹੋ ਰਹੇ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸਾਂ ਵਿੱਚ ਡੇਰਾ ਸੱਚਾ ਸੌਦਾ ਦੀ ਸ਼ਮੂਲੀਅਤ ਦਾ ਸਭ ਨੂੰ ਪਤਾ ਸੀ ਪਰ ਬਾਦਲ ਪਰਿਵਾਰ ਨੇ ਫਿਰ ਵੀ ਉਸ ਨੂੰ ਕਲੀਨ ਚਿੱਟ ਦਿੱਤੀ ਅਤੇ ਸਿੱਖ ਸੰਗਤ ਸੱਤ ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਹੈ। ਪਰ ਹੁਣ ਭਗਵੰਤ ਮਾਨ ਦੀ ਨਿਰਣਾਇਕ ਸਰਕਾਰ ਬੇਅਦਬੀ ਮਾਮਲਿਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਏਗੀ।

ਉਨ੍ਹਾਂ ਸਪੱਸ਼ਟ ਕਿਹਾ ਕਿ ‘ਆਪ’ ਸਰਕਾਰ ਸੀਨੀਅਰ ਸਿਆਸਤਦਾਨਾਂ ਸਮੇਤ ਇਹਨਾਂ ਮਾਮਲਿਆਂ ‘ਚ ਆਉਂਦੇ ਸਾਰੇ ਲੋਕਾਂ ਵਿਰੁੱਧ ਕਾਨੂੰਨ ਅਨੁਸਾਰ ਢੁੱਕਵੀਂ ਕਾਰਵਾਈ ਕਰੇਗੀ ਅਤੇ ਕਿਸੇ ਨੂੰ ਵੀ ਬਿਨਾਂ ਕਾਰਨ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ ਕਿਉਂਕਿ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਵਾਂਗ ਸਿਆਸੀ ਬਦਲਾਖੋਰੀ ਲਈ ਨਹੀਂ, ਸਗੋਂ ਸੂਬੇ ਵਿੱਚ ਇਨਸਾਫ ਅਤੇ ਸਹੀ ਸਿਸਟਮ ਯਕੀਨੀ ਬਣਾਉਣ ਲਈ ਸੱਤਾ ‘ਚ ਆਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਟਰਾਂਸਪੋਰਟ ਵਿਭਾਗ ਨੇ ਪੰਜ ਮਹੀਨਿਆਂ ‘ਚ 1008 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਜੁਟਾਇਆ: ਲਾਲਜੀਤ ਭੁੱਲਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਸਹਾਇਤਾ ਕੇਂਦਰ ਬਣਾਇਆ ਗਿਆ