ਲੁਧਿਆਣਾ, 31 ਅਗਸਤ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਵਾਹਨ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮ ਪਹਿਲਾਂ ਸੁੰਨਸਾਨ ਜਗ੍ਹਾ ਦੇਖ ਕੇ ਗੱਡੀ ਦੀ ਰੇਕੀ ਕਰਦੇ ਸਨ ਅਤੇ ਫੇਰ ਜਾਅਲੀ ਚਾਬੀਆਂ ਲਗਾ ਕੇ ਵਾਹਨ ਚੋਰੀ ਕਰਦੇ ਸਨ।
ਮੁਲਜ਼ਮ ਲੁੱਟ-ਖੋਹ, ਨਸ਼ਾ ਤਸਕਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਾਹਨ ਚੋਰੀ ਕਰਦੇ ਸਨ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਪ੍ਰੈਸ ਕਾਨਫਰੰਸ ਕਰਕੇ ਗ੍ਰਿਫ਼ਤਾਰ ਕੀਤੇ 5 ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ।
ਏਡੀਸੀਪੀ ਸ਼ੁਭਮ ਅਗਰਵਾਲ ਅਤੇ ਏਸੀਪੀ ਹਰੀਸ਼ ਬਹਿਲ ਨੇ ਦੱਸਿਆ ਕਿ ਸ਼ਹਿਰ ਵਿੱਚ ਚੋਰਾਂ ਦਾ ਗਰੋਹ ਸਰਗਰਮ ਹੈ। ਅੱਜ ਵੀ ਗਰੋਹ ਦੇ ਮੈਂਬਰ ਥਾਣਾ ਡਿਵੀਜ਼ਨ ਨੰਬਰ 8 ਦੇ ਇਲਾਕੇ ਵਿੱਚ ਵਾਹਨ ਚੋਰੀ ਕਰਨ ਲਈ ਘੁੰਮ ਰਹੇ ਸਨ, ਜਿਨ੍ਹਾਂ ਨੂੰ ਪੁਲੀਸ ਨੇ ਨਾਕਾਬੰਦੀ ਕਰਕੇ ਕਾਬੂ ਕਰ ਲਿਆ।
ਵਾਹਨ ਚੋਰ ਗਰੋਹ ਦਾ ਮੁੱਖ ਸਰਗਨਾ ਲਖਵਿੰਦਰ ਸਿੰਘ ਉਰਫ ਟੀਟੂ ਹੈ। ਪੁਲਿਸ ਨੇ ਪਹਿਲਾਂ ਲਖਵਿੰਦਰ ਅਤੇ ਜਸਕਰਨ ਨੂੰ ਫੜਿਆ। ਜੋ ਬਾਈਕ ਦੇ ਪਾਰਟਸ ਵੇਚਦੇ ਸੀ। ਇਸ ਲਈ ਪੁਲੀਸ ਵੱਲੋਂ ਕੁਝ ਕਬਾੜਖਾਨਿਆਂ ’ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮ ਕਿੰਨੇ ਸਮੇਂ ਤੋਂ ਸ਼ਹਿਰ ਵਿੱਚੋਂ ਵਾਹਨ ਚੋਰੀ ਕਰਕੇ ਵੇਚਦੇ ਆ ਰਹੇ ਹਨ। ਹੁਣ ਤੱਕ ਮੁਲਜ਼ਮਾਂ ਨੇ ਕੁੱਲ 11 ਵਾਰਦਾਤਾਂ ਕਬੂਲ ਕੀਤੀਆਂ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ 11 ਵਾਹਨ ਵੀ ਬਰਾਮਦ ਕੀਤੇ ਹਨ।
ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਚੋਰੀਆਂ, ਖੋਹਾਂ ਆਦਿ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਬਾਈਕ ਦੀ ਵਰਤੋਂ ਕਰਦੇ ਸਨ। ਇਸ ਦੇ ਨਾਲ ਹੀ ਇਨ੍ਹਾਂ ਬਾਈਕ ਦੀ ਵਰਤੋਂ ਨਸ਼ਾ ਤਸਕਰੀ ‘ਚ ਵੀ ਕੀਤੀ ਜਾਂਦੀ ਰਹੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲਖਵਿੰਦਰ, ਜਸਕਰਨ, ਓਂਕਾਰ ਸਿੰਘ, ਮਨਜੀਤ ਸਿੰਘ ਸਿਮਰਨ ਸਿੰਘ ਵਜੋਂ ਹੋਈ ਹੈ। ਮੁਲਜ਼ਮ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਹੋਰ ਵੀ ਵਾਰਦਾਤਾਂ ਕਰਦੇ ਸਨ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ।
ਇਸ ਦੇ ਨਾਲ ਹੀ ਲਖਵਿੰਦਰ ਸਿੰਘ ਖਿਲਾਫ ਪਹਿਲਾਂ ਹੀ 3 ਕੇਸ ਦਰਜ ਹਨ ਅਤੇ ਉਹ ਜ਼ਮਾਨਤ ‘ਤੇ ਬਾਹਰ ਹੈ। ਇਸ ਦੇ ਨਾਲ ਹੀ ਦੋਸ਼ੀ ਮਨਜੀਤ ਸਿੰਘ ਖਿਲਾਫ 1 ਮਾਮਲਾ ਦਰਜ ਹੈ। ਮਨਜੀਤ ਵੀ ਜ਼ਮਾਨਤ ‘ਤੇ ਬਾਹਰ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਇਹ ਪਤਾ ਲੱਗ ਸਕੇ ਕਿ ਸ਼ਹਿਰ ਵਿੱਚ ਕਿਹੜੇ-ਕਿਹੜੇ ਵਾਹਨ ਚੋਰੀ ਹੋਏ ਹਨ।