ਤਰਨਤਾਰਨ, 1 ਸਤੰਬਰ 2022 – ਪੰਜਾਬ ਦੇ ਤਰਨਤਾਰਨ ਦੇ ਪਿੰਡ ਠੱਕਰਪੁਰਾ ਵਿੱਚ ਚਰਚ ਦੀ ਭੰਨਤੋੜ ਅਤੇ ਅੱਗਜ਼ਨੀ ਪਿੱਛੇ ਅੱਤਵਾਦੀ ਸੰਗਠਨਾਂ ਦਾ ਹੱਥ ਹੋ ਸਕਦਾ ਹੈ। ਭਾਵੇਂ ਪੁਲਿਸ ਇਸ ਬਾਰੇ ਫਿਲਹਾਲ ਕੁਝ ਸਪੱਸ਼ਟ ਨਹੀਂ ਕਹਿ ਰਹੀ ਹੈ ਪਰ ਪੁਲਿਸ ਦੀ ਜਾਂਚ ਨੂੰ ਦੇਖਦੇ ਹੋਏ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਚਰਚ ‘ਤੇ ਹਮਲਾ ਕਰਨ ਵਾਲੇ ਚਾਰੇ ਦੋਸ਼ੀ ਖਾਲਿਸਤਾਨੀ ਹੋਣ ਦਾ ਦਾਅਵਾ ਕਰ ਰਹੇ ਸਨ।
ਫਾਦਰ ਥਾਮਸ ਪੂਚਲੀਲ ਦੇ ਇਕ ਬਿਆਨ ਦੇ ਅਨੁਸਾਰ, ਸੁਰੱਖਿਆ ਗਾਰਡ ਨੂੰ ਪਹਿਲਾਂ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ 4 ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਬੰਦੂਕ ਦੀ ਨੋਕ ‘ਤੇ ਬੰਧਕ ਬਣਾਇਆ ਸੀ। ਮਦਰ ਮੈਰੀ ਅਤੇ ਪ੍ਰਭੂ ਯਿਸੂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ ਅਤੇ ਕਾਰ ਨੂੰ ਅੱਗ ਲਗਾ ਦਿੱਤੀ ਗਈ। ਚਾਰੇ ਦੋਸ਼ੀ ਆਪਣੇ ਆਪ ਨੂੰ ਖਾਲਿਸਤਾਨੀ ਦੱਸ ਰਹੇ ਸਨ। ਉਹ ਵਾਰ-ਵਾਰ ਕਹਿ ਰਹੇ ਸੀ ਕਿ ਉਹ ਖਾਲਿਸਤਾਨੀ ਹਨ।
ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਦੇ ਮੈਂਬਰ ਲਖਬੀਰ ਸਿੰਘ ਰੋਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਹੱਦ ‘ਤੇ ਸਖ਼ਤੀ ਕਾਰਨ ਉਹਨਾਂ ਦੇ ਲਗਾਤਾਰ ਫੇਲ੍ਹ ਹੋਣ ਤੋਂ ਬਾਅਦ ਦੋਵੇਂ ਮੁਲਜ਼ਮ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਸ ਘਟਨਾ ਦੇ ਪਿੱਛੇ ਵੀ ਅੱਤਵਾਦੀਆਂ ਦਾ ਹੱਥ ਹੋ ਸਕਦਾ ਹੈ, ਤਾਂ ਜੋ ਮਾਹੌਲ ਖਰਾਬ ਕੀਤਾ ਜਾ ਸਕੇ। ਪੁਲਿਸ ਇਸ ਘਟਨਾ ਦੇ ਅੱਤਵਾਦੀ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ।
ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਦੀ ਹਰਕਤ ਦਾ ਪਤਾ ਲੱਗ ਸਕੇ। ਮੋਬਾਈਲ ਟਾਵਰਾਂ ਦੇ ਡੇਟਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਰਾਤ ਦਾ ਸਮਾਂ ਹੋਣ ਕਾਰਨ ਬਹੁਤ ਘੱਟ ਮੋਬਾਈਲ ਵਰਤੋਂ ਵਿੱਚ ਹਨ, ਇਸ ਲਈ ਪੁਲਿਸ ਸ਼ਾਰਟਲਿਸਟ ਕੀਤੇ ਮੋਬਾਈਲਾਂ ਦੀ ਗਤੀਵਿਧੀ ਅਤੇ ਡੇਟਾ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਦੇ ਆਧਾਰ ‘ਤੇ 4 ਸ਼ੱਕੀਆਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ‘ਤੇ ਹੈ, ਇਸ ਲਈ ਉਹ ਇਸ ਮਾਮਲੇ ‘ਚ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਹਿ ਸਕਦੇ।