ਮਾਨ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਕਿਹੜਾ ਭੱਤਾ ਦਿੱਤਾ ਤੇ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ: ਅਕਾਲੀ ਦਲ

  • ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੰਜਾਬ ਵਿਚ ਕੋਈ ਗਰੰਟੀ ਪੂਰੀ ਨਹੀਂ ਕੀਤੀ ਗਈ, 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦੇ ਵਾਅਦੇ ਨਾਲ ਹਿਮਾਚਲੀ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਤੇਜ਼ ਹੋਏ
  • ਕਿਹਾ ਕਿ ਆਪ ਨੇ ਹਿਮਾਚਲ ਨੂੰ ਇਹ ਗਰੰਟੀ ਦਿੱਤੀ ਕਿ ਸੂਬਾ ਰਿਮੋਰਟ ਨਾਲ ਚੱਲੇਗਾ ਅਤੇ ਪੰਜਾਬ ਦੀ ਤਰਜ ’ਤੇ ਰਬੜ ਦੀ ਮੋਹਰ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ

ਚੰਡੀਗੜ੍ਹ, 10 ਸਤੰਬਰ 2022 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਤੇ 6 ਲੱਖ ਸਰਕਾਰੀ ਨੌਕਰੀਆਂ ਵਰਗੇ ਵਾਅਦਿਆਂ ਨਾਲ ਮੂਰਖ ਬਣਾਉਣ ਤੋਂ ਪਹਿਲਾਂ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਪੰਜਾਰ ਦੇ ਨੌਜਵਾਨਾਂ ਨੂੰ ਕਿਹੜਾ ਭੱਤਾ ਦਿੱਤਾ ਹੈ ਤੇ ਕਿੰਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦਿੱਲੀ ਦੇ ਝੂਠ ਜੋ ਪੰਜਾਬ ਲਿਆਂਦੇ ਗਏ, ਹੁਣ ਹਿਮਾਚਲ ਪ੍ਰਦੇਸ਼ ਲਿਜਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਬੀਤੇ 8 ਸਾਲਾਂ ਵਿਚ ਦਿੱਲੀ ਵਿਚ ਇਕ ਰੁਪਿਆ ਵੀ ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਸਨੇ ਇਹੀ ਪੰਜਾਬ ਵਿਚ ਵੀ ਕੀਤਾ ਹੈ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਮੂਰਖ ਬਣਾ ਕੇ ਪਾਰਟੀ ਵਾਸਤੇ ਵੋਟਾਂ ਲਈਆਂ ਜਾ ਸਕਣ।

ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਦੱਸਣ ਕਿ ਉਹਨਾਂ ਨੇ ਪਿਛਲੇ ਛੇ ਮਹੀਨਿਆਂ ਵਿਚ ਪੰਜਾਬ ਦੇ ਕਿੰਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਤਾਜ਼ਾ ਰਿਪੋਰਟਾਂ ਮੁਤਾਬਕ ਆਪ ਸਰਕਾਰ ਨੇ ਹਾਲੇ ਤੱਕ ਖਾਲੀ ਪਈਆਂ ਸਰਕਾਰੀ ਆਸਾਮੀਆਂ ਵੀ ਨਹੀਂ ਭਰੀਆਂ। ਉਹਨਾਂ ਕਿਹਾ ਕਿ ਜਿਹੜੀਆਂ ਸਰਕਾਰੀ ਆਸਾਮੀਆਂ ਖਾਲੀ ਹੋ ਰਹੀਆਂ ਹਨ, ਉਹਨਾਂ ਵਿਚੋਂ ਬਹੁਤੀਆਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਜਿਹੜੀਆਂ ਭਰੀਆਂ ਜਾ ਰਹੀਆਂ ਹਨ, ਉਹਨਾਂ ਦਾ ਪ੍ਰੋਬੇਸ਼ਨ ਸਮਾਂ ਯਾਨੀ ਪਰਖ ਕਾਲ 3 ਸਾਲ ਕਰ ਕੇ ਨੌਜਵਾਨਾਂ ਨੂੰ ਤਨਖਾਹ ਦਾ ਨਿਗੂਣਾ ਹਿੱਸਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਨੌਕਰੀਆਂ ਉਂਗਲਾਂ ’ਤੇ ਗਿਣੀਆਂ ਜਾ ਸਕਦੀਆਂ ਹਨ। ਵੁਹਨਾਂ ਕਿਹਾ ਕਿ ਦਿੱਲੀ ਵਿਚ ਆਪ ਸਰਕਾਰ ਦਾ ਵੀ ਇਹੀ ਟਰੈਕ ਰਿਕਾਰਡ ਹੈ ਜਿਸਨੇ ਪਿਤਲੇ 7 ਸਾਲਾਂ ਵਿਚ 3246 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਪੰਜਾਬ ਅਤੇ ਦਿੱਲੀ ਵਿਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿਚ ਨਾਕਾਮ ਰਹੀ ਹੈ, ਉਹ, ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ 6 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੀ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਕੁਝ ਕਰਨ ਦੀ ਤਾਂ ਗੱਲ ਹੀ ਛੱਡੋ ਆਪ ਨੇ ਪੰਜਾਬ ਵਿਚ ਦਿੱਤੀਆਂ ‘ਗਰੰਟੀਆਂ’ ਹੀ ਪੂਰੀਆਂ ਨਹੀਂ ਕੀਤੀਆਂ। ਉਹਨਾਂ ਕਿਹਾ ਕਿ ਠੇਕੇ ’ਤੇ ਕੰਮ ਕਰਦੇ 35 ਹਜ਼ਾਰ ਕਾਮੇ ਜਿਹਨਾਂ ਨੂੰ ਆਪ ਸਰਕਾਰ ਬਣਦੇ ਸਾਰ ਨੌਕਰੀਆਂ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ, ਹੁਣ ਤੱਕ ਵਾਅਦਾ ਲਾਗੂ ਹੋਣ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਪੰਜਾਬ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਵਾਅਦਾ ਕੀਤਾ ਗਿਆ ਸੀ ਜਦੋਂ ਕਿ ਪਿਛਲੇ ਛੇ ਮਹੀਨਿਆਂ ਵਿਚ ਇਕ ਧੇਲਾ ਵੀ ਨਹੀਂ ਦਿੱਤਾ ਗਿਆ।

ਸਰਦਾਰ ਮਜੀਠੀਆ ਨੇ ਹਿਮਾਚਲ ਦੇ ਲੋਕਾਂ ਨੂੰ ਆਖਿਆ ਕਿ ਉਹ ਆਪ ਦੀਆਂ ਗਰੰਟੀਆਂ ਵਿਚ ਵਿਸ਼ਵਾਸ ਨਾ ਕਰਨ ਕਿਉਂਕਿ ਆਪ ਸਿਰਫ ਇਹੀ ਗਰੰਟੀ ਦੇ ਸਕਦੀ ਹੈ ਕਿ ਸੱਤਾ ਵਿਚ ਆਉਣ ’ਤੇ ਸੂਬੇ ਨੂੰ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾਇਆ ਜਾਵੇਗਾ ਤੇ ਅਜਿਹਾ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ ਜੋ ਸਿਰਫ ਰਬੜ ਦੀ ਮੋਹਰ ਹੋਵੇਗਾ। ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਦਰਿਆਈ ਪਾਣੀ ਸਮੇਤ ਸਾਰੇ ਹਿੱਤ ਉਸੇ ਤਰੀਕੇ ਖਤਰੇ ਵਿਚ ਪੈ ਜਾਣਗੇ ਜਿਵੇਂ ਪੰਜਾਬ ਵਿਚ ਪਏ ਹਨ ਤੇ ਆਪ ਸਰਕਾਰ ਵੱਲੋਂ ਹਿਮਾਚਲੀ ਲੋਕਾਂ ਨੂੰ ਹਰਿਆਣਾ ਤੇ ਦਿੱਲੀ ਵਿਚ ਪਾਰਟੀ ਦੇ ਹਿੱਤਾਂ ਲਈ ਕੰਮ ਕਰਨ ਵਾਸਤੇ ਮਜਬੂਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਹਿਮਾਚਲ ਦਾ ਸਰਕਾਰੀ ਖਜ਼ਾਨਾ ਵੀ ਲੁੱਟ ਕੇ ਦੇਸ਼ ਦੇ ਹੋਰ ਰਾਜਾਂ ਵਿਚ ਆਪ ਦੇ ਹਿੱਤਾਂ ਦੀ ਪੂਰਤੀ ਵਾਸਤੇ ਵਰਤਿਆ ਜਾ ਸਕਦਾ ਹੈ।

ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਚੰਗੇ ਪ੍ਰਸ਼ਾਸਨ ਤੇ ਕਿਸਾਨਾਂ ਅਤੇ ਗਰੀਬ ਵਰਗਾ ਦੀ ਭਲਾਈ ਵਾਸਤੇ ਦਿੱਤੇ ਸਾਰੇ ਭਰੋਸੇ ਝੂਠੇ ਸਾਬਤ ਹੋਏ ਹਨ। ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਵਪਾਰੀ ਤੇ ਉਦਯੋਗਪਤੀ ਫਿਰੌਤੀਆਂ ਤੋਂ ਘਬਰਾਏ ਹੋਏ ਹਨ ਤੇ ਆਮ ਆਦਮੀ ਰੋਜ਼ਾਨਾ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਵੇਖ ਰਹੇ ਹਨ। ਉਹਨਾਂ ਕਿਹਾ ਕਿ ਖੇਤੀ ਸੈਕਟਰ ਵੀ ਸੰਕਟ ਵਿਚ ਹੈ ਤੇ ਕਿਸਾਨਾਂ ਨੂੰ ਮੁੱਖ ਮੰਤਰੀ ਵੱਲੋਂ ਭਰੋਸਾ ਦੁਆਉਣ ਦੇ ਬਾਵਜੂਦ ਮੂੰਗੀ ਦਾ ਐਮ ਐਸ ਪੀ ਅਨੁਸਾਰ ਮੁੱਲ ਨਹੀਂ ਮਿਲਿਆ। ਉਹਨਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਹੀ ਛੱਡੋ ਅਜਿਹਾ ਜਾਪਦਾ ਹੈ ਕਿ ਕਿਸਾਨ ਖੁਦਕੁਸ਼ੀਆਂ ਅਤੇ ਕਿਸਾਨੀ ਕਰਜ਼ਾ ਦੁੱਗਣਾ ਹੋ ਗਿਆ ਹੈ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਕੋਈ ਮੁਆਵਜ਼ਾ ਨਹੀਂ ਮਿਲਿਆ। ਡੇਅਰੀ ਕਿਸਾਨਾਂ ਨੂੰ ਵੀ ਲੰਪੀ ਚਮੜੀ ਰੋਗ ਨਾਲ ਹੋਏ ਦੁਧਾਰੂ ਪਸ਼ੂਆਂ ਦੇ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੱਡੀ ਖਬਰ: ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਸ਼ਾਮਿਲ ਛੇਵਾਂ ਸ਼ੂਟਰ ਦੀਪਕ ਮੁੰਡੀ ਗ੍ਰਿਫਤਾਰ

ਮਲੇਰਕੋਟਲਾ ਦੇ ਸੁੰਦਰੀਕਰਨ ਅਤੇ ਵਿਕਾਸ ਲਈ 734.98 ਲੱਖ ਰੁਪਏ ਖਰਚੇ ਜਾਣਗੇ : ਡਾ. ਇੰਦਰਬੀਰ ਨਿੱਜਰ