ਚੰਡੀਗੜ੍ਹ, 11 ਸਤੰਬਰ 2022 – ਗੈਂਗਸਟਰ ਲਾਰੈਂਸ ਨੇ ਫਿਰ ਤੋਂ ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਦੀ ਰੇਕੀ ਕਰਵਾਈ ਸੀ। ਜਿਸ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਕਪਿਲ ਪੰਡਿਤ ਅਤੇ ਮਹਾਰਾਸ਼ਟਰ ਦੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦੀ ਅਗਵਾਈ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਨੇ ਕੀਤੀ। ਇਹ ਖੁਲਾਸਾ ਪੰਜਾਬ ਪੁਲਿਸ ਦੇ ਕਪਿਲ ਪੰਡਿਤ ਤੋਂ ਪੁੱਛਗਿਛ ਵਿੱਚ ਹੋਇਆ ਹੈ। ਇਹ ਪਤਾ ਲੱਗਣ ‘ਤੇ ਪੰਜਾਬ ਪੁਲਿਸ ਨੇ ਵੀ ਸਲਮਾਨ ਨੂੰ ਦਿੱਤੀ ਧਮਕੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾਰੈਂਸ ਨੇ ਗੈਂਗਸਟਰਾਂ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਰਾਹੀਂ ਕਪਿਲ ਪੰਡਿਤ ਤੱਕ ਪਹੁੰਚ ਕੀਤੀ ਸੀ। ਲਾਰੈਂਸ ਨੇ ਉਹਨਾਂ ਰਾਹੀਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣਾ ਸੀ। ਲਾਰੈਂਸ ਦੇ ਭਤੀਜੇ ਸਚਿਨ ਥਾਪਨ ਨੇ ਮਹਾਰਾਸ਼ਟਰ ਦੇ ਸ਼ੂਟਰ ਸੰਤੋਸ਼ ਜਾਧਵ ਨਾਲ ਮੁੰਬਈ ‘ਚ ਕਾਫੀ ਸਮਾਂ ਬਿਤਾਇਆ। ਸਲਮਾਨ ਖਾਨ ਨੂੰ ਮਾਰਨ ਲਈ ਵੱਡੀ ਰੇਕੀ ਕੀਤੀ ਗਈ ਸੀ। ਪੰਜਾਬ ਪੁਲਿਸ ਵੀ ਇਸ ਐਂਗਲ ਦੀ ਵੀ ਜਾਂਚ ਕਰ ਰਹੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕਪਿਲ ਪੰਡਿਤ ਨੂੰ ਫੜ ਲਿਆ ਹੈ। ਸੰਤੋਸ਼ ਜਾਧਵ ਵੀ ਮਹਾਰਾਸ਼ਟਰ ਵਿੱਚ ਫੜਿਆ ਗਿਆ ਹੈ। ਸਚਿਨ ਥਾਪਨ ਦਾ ਅਜ਼ਰਬਾਈਜਾਨ ‘ਚ ਵੀ ਪਤਾ ਲੱਗਾ ਹੈ। ਤਿੰਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਲਈ ਪੰਜਾਬ ਪੁਲਿਸ ਦੀ ਪਾਰਟੀ ਮੁੰਬਈ ਵੀ ਜਾਵੇਗੀ।
ਲਾਰੈਂਸ ਨੇ ਸਲਮਾਨ ਖਾਨ ਨੂੰ ਮਾਰਨ ਦੀ 4 ਵਾਰ ਯੋਜਨਾ ਬਣਾਈ ਹੈ। ਇਸਦੇ ਲਈ ਉਸਨੇ ਇੱਕ ਰਾਈਫਲ ਵੀ ਖਰੀਦੀ ਸੀ। ਲਾਰੈਂਸ ਨੇ 2018 ‘ਚ ਸ਼ੂਟਰ ਸੰਪਤ ਨਹਿਰਾ ਨੂੰ ਸਲਮਾਨ ਨੂੰ ਮਾਰਨ ਲਈ ਮੁੰਬਈ ਭੇਜਿਆ ਸੀ। ਸੰਪਤ ਕੋਲ ਪਿਸਤੌਲ ਸੀ। ਸਲਮਾਨ ਉਸ ਦੀ ਪਿਸਤੌਲ ਦੀ ਰੇਂਜ ਤੋਂ ਕਾਫੀ ਦੂਰ ਰਿਹਾ, ਇਸ ਲਈ ਉਹ ਮਾਰ ਨਹੀਂ ਸਕਿਆ ਸੀ। ਬਾਅਦ ਵਿੱਚ ਇੱਕ ਲੰਬੀ ਰੇਂਜ ਵਾਲੀ ਰਾਈਫਲ 4 ਲੱਖ ਰੁਪਏ ਵਿੱਚ ਖਰੀਦੀ ਗਈ ਅਤੇ ਸੰਪਤ ਨੂੰ ਦਿੱਤੀ ਗਈ। ਇਸ ਤੋਂ ਪਹਿਲਾਂ ਕਿ ਉਹ ਸਲਮਾਨ ਨੂੰ ਮਾਰ ਪਾਉਂਦੇ, ਉਸ ਨੂੰ ਫੜ ਲਿਆ ਗਿਆ। ਇਸ ਤੋਂ ਬਾਅਦ ਦੋ ਹੋਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਲਮਾਨ ਨੂੰ ਮਾਰਨ ਦਾ ਮੌਕਾ ਨਹੀਂ ਮਿਲਿਆ।
ਲਾਰੈਂਸ ਕਾਲਾ ਹਿਰਨ ਮਾਮਲੇ ‘ਚ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ। ਸਲਮਾਨ 24 ਸਾਲਾਂ ਤੋਂ ਹਿਰਨ ਮਾਮਲੇ ‘ਚ ਅਦਾਲਤ ਦੇ ਚੱਕਰ ਕੱਟ ਰਹੇ ਹਨ। ਹਾਲ ਹੀ ਵਿੱਚ ਲਾਰੈਂਸ ਨੇ ਮੰਨਿਆ ਕਿ ਉਸਦਾ ਭਾਈਚਾਰਾ ਹਿਰਨ ਦੇ ਸ਼ਿਕਾਰ ਦੇ ਖਿਲਾਫ ਹੈ। ਇਸ ਲਈ ਮੈਂ ਸਲਮਾਨ ਨੂੰ ਮਾਰਨਾ ਚਾਹੁੰਦਾ ਹਾਂ। ਇਸ ਦੇ ਲਈ ਸ਼ੂਟਰ ਵੀ ਭੇਜੇ ਗਏ ਸਨ। ਪੁਲਿਸ ਦਾਅਵਾ ਕਰ ਰਹੀ ਹੈ ਕਿ ਲਾਰੈਂਸ ਨੇ ਰਾਜਗੜ੍ਹ ਦੇ ਰਹਿਣ ਵਾਲੇ ਸੰਪਤ ਨਹਿਰਾ ਨੂੰ ਸਲਮਾਨ ਖਾਨ ਨੂੰ ਮਾਰਨ ਲਈ ਭੇਜਿਆ ਸੀ।
ਲਾਰੈਂਸ ਨੇ ਸਲਮਾਨ ਨੂੰ 2018 ‘ਚ ਜੋਧਪੁਰ ਦੀ ਅਦਾਲਤ ‘ਚ ਪੇਸ਼ ਕੀਤੇ ਜਾਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਸਲਮਾਨ ਸਿਰਫ ਦੋ ਵਾਰ ਜੋਧਪੁਰ ਦੀ ਅਦਾਲਤ ‘ਚ ਆਏ। ਦੋਵੇਂ ਵਾਰ ਉਸ ਦੀ ਸੁਰੱਖਿਆ ਸਖ਼ਤ ਰੱਖੀ ਗਈ ਸੀ। ਹਾਲ ਹੀ ‘ਚ ਸਲਮਾਨ ਖਾਨ ਦੇ ਵਕੀਲ ਨੂੰ ਵੀ ਧਮਕੀ ਭਰਿਆ ਪੱਤਰ ਮਿਲਿਆ ਹੈ। ਅਜਿਹਾ ਹੀ ਇੱਕ ਪੱਤਰ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਮਿਲਿਆ ਸੀ। ਇਸ ਤੋਂ ਬਾਅਦ ਇਹ ਖਦਸ਼ਾ ਪ੍ਰਗਟਾਇਆ ਗਿਆ ਕਿ ਇਹ ਚਿੱਠੀ ਲਾਰੈਂਸ ਨੇ ਖੁਦ ਭੇਜੀ ਸੀ।