ਅੰਮ੍ਰਿਤਸਰ, 16 ਸਤੰਬਰ 2022 – ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਸੰਬੰਧਿਤ ਦੋ ਗੈਂਗਸਟਰਾਂ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਦੀ ਸ਼ਨਾਖਤ ਮਨਦੀਪ ਸਿੰਘ ਤੂਫ਼ਾਨ ਵਾਸੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਮਨਦੀਪ ਸਿੰਘ ਮਨੀ ਰਈਆ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਇਨ੍ਹਾਂ ਪਾਸੋਂ ਵੱਡੀ ਤਦਾਦ ‘ਚ ਅਸਲਾ ਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।
ਮਨੀ ਰਈਆ ਨੂੰ ਸ਼ੁੱਕਰਵਾਰ ਸਵੇਰੇ ਅਜਨਾਲਾ ਰੋਡ ‘ਤੇ ਪਿੰਡ ਕੁੱਕੜਵਾਲਾ ਤੋਂ ਅਤੇ ਜੰਡਿਆਲਾ ਗੁਰੂ ਅਤੇ ਤਰਨਤਾਰਨ ਦੇ ਵਿਚਕਾਰ ਪੈਂਦੇ ਪਿੰਡ ਖੱਖ ਤੋਂ ਮਨਦੀਪ ਤੂਫਾਨ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੇ ਨਾਲ ਹੀ ਪੁਲਿਸ ਨੂੰ ਰਣਜੀਤ ਦੇ ਬਟਾਲਾ ਦੇ ਆਸ-ਪਾਸ ਹੋਣ ਦੀ ਵੀ ਸੂਚਨਾ ਮਿਲੀ ਹੈ।
ਇਸ ਤੜਕੇ ਦੀ ਕਾਰਵਾਈ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਮਨੀ ਰਈਆ ਅਤੇ ਮਨਦੀਪ ਤੂਫਾਨ ਉਹੀ ਹਨ, ਜਿਨ੍ਹਾਂ ਨੇ ਗੈਂਗਸਟਰ ਰਾਣਾ ਕੰਧੋਵਾਲੀਆ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪੁਲਿਸ ਨੂੰ ਪਿਛਲੇ ਡੇਢ ਸਾਲ ਤੋਂ ਜੱਗੂ ਭਗਵਾਨਪੁਰੀਆ ਵਾਸੀ ਖਾਸ ਖਿਲਚੀਆਂ ਵਾਸੀ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਮਨਦੀਪ ਤੂਫਾਨ ਦੀ ਤਲਾਸ਼ ਸੀ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਨੀ ਰਈਆ ਅਤੇ ਤੂਫਾਨ ਦਾ ਨਾਂ ਵੀ ਸਾਹਮਣੇ ਆਇਆ ਸੀ।
ਰਾਤ ਨੂੰ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਜੰਡਿਆਲਾ ਗੁਰੂ ਨੇੜੇ ਪਿੰਡ ਖੱਖ ਵਿੱਚ ਮਨੀ ਰਈਆ ਦੇ ਕੁੱਕੜਵਾਲਾ ਅਤੇ ਮਨਦੀਪ ਤੂਫਾਨ ਦੇ ਲੁਕੇ ਹੋਣ ਦੀ ਸੂਚਨਾ ਮਿਲੀ। ਤੜਕੇ 3 ਤੋਂ 5 ਵਜੇ ਦੇ ਵਿਚਕਾਰ ਪੁਲਿਸ ਨੇ ਯੋਜਨਾ ਬਣਾ ਕੇ ਮਨੀ ਰਈਆ ਅਤੇ ਮਨਦੀਪ ਤੂਫਾਨ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਅਜੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ, ਪਰ ਹੋਰ ਵੇਰਵੇ ਸਾਂਝੇ ਨਹੀਂ ਕਰ ਰਹੇ ਹਨ।