ਢੋਆ-ਢੁਆਈ ਦੇ ਟੈਂਡਰ ਵਾਹਨਾਂ ਦੇ ਜਾਅਲੀ ਰਜਿਸਟ੍ਰੇਸ਼ਨ ਨੰਬਰਾਂ ‘ਤੇ ਅਲਾਟ ਕਰਨ ਸਬੰਧੀ ਵਿਜੀਲੈਂਸ ਵੱਲੋਂ ਪੰਜ ਠੇਕੇਦਾਰਾਂ ਖਿਲਾਫ ਕੇਸ ਦਰਜ

  • ਖੁਰਾਕ ਤੇ ਸਿਵਲ ਸਪਲਾਈ ਵਿਭਾਗ ਸਮੇਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵੀ ਮਾਮਲਾ ਦਰਜ

ਚੰਡੀਗੜ੍ਹ, 16 ਸਤੰਬਰ 2022 – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਨ ਫਰੀਦਕੋਟ ਜ਼ਿਲ੍ਹੇ ਵਿੱਚ ਜੈਤੋ ਅਤੇ ਕੋਟਕਪੂਰਾ ਦੀਆਂ ਅਨਾਜ ਮੰਡੀਆਂ ਲਈ ਢੋਆ-ਢੁਆਈ (ਟਰਾਂਸਪੋਰਟੇਸ਼ਨ) ਟੈਂਡਰ ਮਨਜ਼ੂਰ ਕਰਨ ਅਤੇ ਇਸ ਅਮਲ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਉਕਤ ਦੋਹਾਂ ਮੰਡੀਆਂ ਦੇ ਪੰਜ ਠੇਕੇਦਾਰਾਂ ਦੇ ਨਾਲ-ਨਾਲ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਸਮੇਤ ਸਬੰਧਤ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਪਤ ਸ਼ਿਕਾਇਤ ਨੰਬਰ 51/2022 ਫਰੀਦਕੋਟ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਉਪਰੰਤ ਰਿਸ਼ੂ ਮਿੱਤਲ ਠੇਕੇਦਾਰ, ਪਵਨ ਕੁਮਾਰ ਠੇਕੇਦਾਰ, ਵਿਸ਼ੂ ਮਿੱਤਲ ਠੇਕੇਦਾਰ ਅਤੇ ਪ੍ਰੇਮ ਚੰਦ ਠੇਕੇਦਾਰ, ਯੋਗੇਸ਼ ਗੁਪਤਾ ਠੇਕੇਦਾਰ, ਖਿਲਾਫ ਮੁਕੱਦਮਾ ਨੰਬਰ 20 ਮਿਤੀ 15.09.2022 ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਆਈ.ਪੀ.ਸੀ. ਅਤੇ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13(2) ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਵਿਖੇ ਦਰਜ ਕਰਕੇ ਬਾਕੀ ਦੋਸ਼ੀਆਂ ਅਤੇ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਵਿਚਾਰੀ ਜਾਵੇਗੀ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਕਤ ਠੇਕੇਦਾਰਾਂ ਵੱਲੋਂ ਸਾਲ 2019-20 ਵਿੱਚ ਭਰੇ ਗਏ ਟੈਂਡਰਾਂ ਨਾਲ ਨੱਥੀ ਕੀਤੀਆਂ ਟਰੱਕਾਂ ਦੀਆਂ ਸੂਚੀਆਂ ਵਿੱਚ ਗਲਤ ਰਜਿਸ਼ਟਰੇਸ਼ਨ ਨੰਬਰ ਦਿੱਤੇ ਗਏ ਸਨ ਜੋ ਕਿ ਸਾਲ 2019-20 ਦੀ ਟੈਂਡਰ ਪਾਲਿਸੀ ਦੀ ਕਲਾਜ-5 ਦੇ ਸਬ-ਪੈਰ੍ਹਾ ਦੇ ਨੋਟ 5 ਦੀ ਉਲੰਘਣਾ ਹੈ। ਇਨ੍ਹਾਂ ਸਾਹਮਣੇ ਆਏ ਤੱਥਾਂ ਮੁਤਾਬਿਕ ਵਿਭਾਗ ਦੀ ਜਿਲ੍ਹਾ ਟੈਂਡਰ ਕਮੇਟੀ ਵੱਲੋਂ ਸਬੰਧਿਤ ਠੇਕੇਦਾਰਾਂ ਦੀ ਤਕਨੀਕੀ ਬੋਲੀ ਹੀ ਖਾਰਜ ਕਰਨੀ ਬਣਦੀ ਸੀ ਜੋ ਕਿ ਨਹੀਂ ਕੀਤੀ ਗਈ ਜਿਸ ਤੋਂ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਤੇ ਠੇਕੇਦਾਰਾਂ ਆਪਸੀ ਮਿਲੀਭੁਗਤ ਜਾਹਰ ਹੁੰਦੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਪਰੋਕਤ ਠੇਕੇਦਾਰਾਂ ਵੱਲੋਂ ਜੋ ਅਨਾਜ ਦੀ ਢੋਆ-ਢੁਆਈ ਸਮੇਂ ਖਰੀਦ ਏਜੰਸੀਆਂ ਵੱਲੋਂ ਕੱਟੇ ਗਏ ਗੇਟ ਪਾਸਾਂ ਵਿੱਚ ਵੀ ਦਰਜ ਕਈ ਵਹੀਕਲਾਂ ਦੇ ਰਜਿਸ਼ਟਰੇਸ਼ਨ ਨੰਬਰ ਮੋਟਰ ਸਾਈਕਲਾਂ/ਮਿੰਨੀ ਬੱਸਾਂ ਦੇ ਹਨ ਅਤੇ ਇਹਨਾਂ ਵਹੀਕਲਾਂ ਉਤੇ ਜਿਣਸ ਦੀ ਢੋਆ-ਢੁਆਈ ਨਹੀਂ ਕੀਤੀ ਜਾ ਸਕਦੀ। ਪੜਤਾਲ ਦੌਰਾਨ ਇੰਨਾਂ ਗੇਟ ਪਾਸਾਂ ਵਿੱਚ ਉਕਤ ਵਹੀਕਲਾਂ ਦੇ ਰਜਿਸ਼ਟਰੇਸ਼ਨ ਨੰਬਰਾਂ ਦੇ ਨਾਲ-ਨਾਲ ਜਿਣਸ ਦੀ ਮਿਕਦਾਰ ਦਾ ਦਿੱਤਾ ਵੇਰਵਾ ਵੀ ਪਹਿਲੀ ਨਜਰੇ ਫਰਜੀ ਰਿਪੋਟਿੰਗ ਦਾ ਮਾਮਲਾ ਦਿਖਾਈ ਦਿੰਦਾ ਹੈ ਅਤੇ ਇਨਾਂ ਗੇਟ ਪਾਸਾਂ ਵਿੱਚ ਦਰਸਾਈ ਜਿਣਸ ਦੇ ਗਬਨ ਦਾ ਮਾਮਲਾ ਵੀ ਉਜਾਗਰ ਹੁੰਦਾ ਹੈ।

ਉਨਾਂ ਦੱਸਿਆ ਕਿ ਖਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਇਨਾਂ ਗੇਟ ਪਾਸਾਂ ਨੂੰ ਬਿਨ੍ਹਾ ਵੈਰੀਫਾਈ ਕੀਤਿਆਂ ਠੇਕੇਦਾਰਾਂ ਨੂੰ ਅਦਾਇਗੀ ਕੀਤੀ ਗਈ ਹੈ। ਇਸ ਸਬੰਧੀ ਜਾਅਲੀ ਦਸਤਾਵੇਜਾਂ ਦੇ ਆਧਾਰ ਉਤੇ ਜਿਣਸ ਦੀ ਢੋਆ-ਢੁਆਈ ਦਿਖਾਈ ਗਈ ਹੈ। ਇਸ ਤਰ੍ਹਾਂ ਉਕਤ ਠੇਕੇਦਾਰਾਂ ਤੋਂ ਇਲਾਵਾ ਮਹਿਕਮਾ ਖੁਰਾਕ ਸਪਲਾਈ ਤੇ ਖਪਤਕਾਰ ਮਾਮਲੇ ਫ਼ਰੀਦਕੋਟ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਅਤੇ ਸਬੰਧਤ ਖਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਅਨਾਜ ਮੰਡੀਆਂ ਵਿੱਚ ਢੋਆ-ਢੁਆਈ ਲਈ ਹੋਏ ਲੇਬਰ ਕਾਰਟੇਜ਼ ਅਤੇ ਟਰਾਂਸਪੋਰਟ ਦੇ ਟੈਂਡਰਾਂ ਵਿੱਚ ਘਪਲੇਬਾਜੀ ਕੀਤੀ ਗਈ ਹੈ ਜਿਸ ਕਰਕੇ ਉਕਤ ਠੇਕੇਦਾਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਬਾਕੀ ਦੋਸ਼ੀਆਂ ਅਤੇ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਤਫਤੀਸ਼ ਦੌਰਾਨ ਵਿਚਾਰੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰੀ ਸਕੂਲ ‘ਚ ਬੱਚਿਆਂ ਤੋਂ ਸਾਫ ਕਰਾਏ Toilets, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਵਿਜੀਲੈਂਸ ਵੱਲੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ