- ਲੋਕਾਂ ਨੂੰ ਤੁਰੰਤ ਸੇਵਾਵਾਂ ਦੇਣ ਲਈ ਸਿੰਗਲ ਵਿੰਡੋ ਸਿਸਟਮ ਅਤੇ ਡਿਜੀਟਲ ਹੈਲਪ ਕਿਓਸਕ ਵੀ ਕੀਤੀ ਸਮਰਪਿਤ
ਲੁਧਿਆਣਾ, 17 ਸਤੰਬਰ 2022 – ਲੁਧਿਆਣਾ ਵਿੱਚ ਧੂੜ-ਮਿੱਟੀ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸੱਤ ਈ-ਰਿਕਸ਼ਾ ‘ਤੇ ਸਥਾਪਤ ਐਂਟੀ-ਸਮੋਗ ਗੰਨਜ਼ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜੋ ਕਿ ਪਾਣੀ ਦੇ ਟੈਂਕਰ ਵਿੱਚੋਂ ਪਾਣੀ ਖਿੱਚ ਕੇ ਫੁਆਰੇ ਦੀ ਤਰ੍ਹਾਂ 100 ਮੀਟਰ ਦੀ ਉਚਾਈ ਤੱਕ ਛਿੜਕਾਅ ਕਰਦੀਆਂ ਹਨ ਜੋ ਪ੍ਰਦੂਸ਼ਣ ਕਾਰਨ ਪੈਦਾ ਹੋਈ ਧੁੰਦ ਦਾ ਨਿਪਟਾਰਾ ਕਰਨ ਲਈ ਲਾਹੇਵੰਦ ਸਿੱਧ ਹੋਣਗੀਆਂ।
ਇਹ ਐਂਟੀ ਸਮੋਗ ਗੰਨਜ਼ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ। ਇਹ ਦੀਵਾਲੀ ਦੇ ਦਿਨਾਂ, ਝੋਨੇ ਅਤੇ ਕਣਕ ਦੀ ਵਾਢੀ ਦੌਰਾਨ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਨਗਰ ਨਿਗਮ ਦੀ ਮਦਦ ਕਰਨਗੀਆਂ।
ਇਸ ਤੋਂ ਇਲਾਵਾ, ਕੈਬਨਿਟ ਮੰਤਰੀਆਂ ਨੇ ਸਿੰਗਲ ਵਿੰਡੋ ਸਿਸਟਮ ਅਤੇ ਡਿਜੀਟਲ ਸਵੈ-ਸਹਾਇਤਾ ਕਿਓਸਕ ਨੂੰ ਵੀ ਸਮਰਪਿਤ ਕੀਤਾ ਤਾਂ ਜੋ ਲੋਕਾਂ ਨੂੰ ਆਸਾਨੀ ਨਾਲ ਨਿਗਮ ਸੇਵਾਵਾਂ ਦੀ ਤੁਰੰਤ ਡਿਲੀਵਰੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਸਿੰਗਲ ਵਿੰਡੋ ਸਿਸਟਮ ਤਹਿਤ ਸਾਰੇ ਨਗਰ ਨਿਗਮ ਦਫ਼ਤਰਾਂ ਵਿੱਚ ਸਾਂਝੇ ਕਾਊਂਟਰ ਸਥਾਪਤ ਕੀਤੇ ਗਏ ਹਨ ਜਿੱਥੇ ਲੋਕ ਇੱਕ ਕਾਊਂਟਰ ਤੋਂ ਵੱਖ-ਵੱਖ ਨਗਰ ਨਿਗਮ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਤਾਂ ਜੋ ਵੱਖ-ਵੱਖ ਕਾਊਂਟਰਾਂ ਤੋਂ ਆਪਣੇ ਕੰਮ ਕਰਵਾਉਣ ਵਿੱਚ ਲੋਕਾਂ ਨੂੰ ਹੋਣ ਵਾਲੀ ਬੇਲੋੜੀ ਪ੍ਰੇਸ਼ਾਨੀ ਅਤੇ ਸਮੇਂ ਦੀ ਬਰਬਾਦੀ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਿੰਗਲ ਵਿੰਡੋ ਸਿਸਟਮ ਰਾਹੀਂ ਹਰੇਕ ਸੇਵਾ ਲਈ ਵਿਧੀ ਨੂੰ ਸਰਲ ਬਣਾਇਆ ਗਿਆ ਹੈ ਅਤੇ ਇਸ ਨੂੰ ਲਿੰਕ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਇੱਕ ਸ਼ਾਖਾ ਤੋਂ ਦੂਜੀ ਸ਼ਾਖਾ ‘ਤੇ ਨਹੀਂ ਜਾਣਾ ਪਵੇਗਾ ਇਸ ਤਰ੍ਹਾਂ ਸੇਵਾਵਾਂ ਸਮਾਂਬੱਧ ਮੁਕੰਮਲ ਹੋਣ, ਇਸ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ, ਰਜਿੰਦਰਪਾਲ ਕੌਰ ਛੀਨਾ, ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਕੁਲਵੰਤ ਸਿੰਘ ਸਿੱਧੂ, ਮੇਅਰ ਬਲਕਾਰ ਸਿੰਘ ਸੰਧੂ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਦਿੱਤਿਆ ਡੱਚਲਵਾਲ, ਸੰਯੁਕਤ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਤੋਂ ਇਲਾਵਾ ਹੋਰ ਸਟਾਫ ਵੀ ਮੌਜੂਦ ਸੀ।