- ਦਿੱਲੀ ਪਰਤਣ ‘ਤੇ ਯਾਤਰੀਆਂ ਦਾ ਹੰਗਾਮਾ
ਅੰਮ੍ਰਿਤਸਰ, 18 ਸਤੰਬਰ 2022 – ਦਿੱਲੀ ਤੋਂ ਉਡਾਣ ਭਰਨ ਵਾਲੀ ਸਪਾਈਸ ਜੈੱਟ ਦੀ ਫਲਾਈਟ ਨੂੰ ਲੇਹ ‘ਚ ਖਰਾਬ ਮੌਸਮ ਕਾਰਨ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਿਸ ਤੋਂ ਬਾਅਦ ਖਰਾਬ ਮੌਸਮ ਕਾਰਨ ਇਹ ਫਲਾਈਟ ਰਾਤ ਨੂੰ ਹੀ ਦਿੱਲੀ ਪਰਤ ਗਈ ਪਰ ਜਿਵੇਂ ਹੀ ਫਲਾਈਟ ਦਿੱਲੀ ਪਰਤੀ ਤਾਂ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਸਪਾਈਸ ਜੈੱਟ ਨੂੰ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਲੇਹ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ ਐਸਜੀ 123 ਨੇ ਕਰੀਬ 5 ਘੰਟੇ ਦੀ ਦੇਰੀ ਨਾਲ 3.15 ਵਜੇ ਦੇ ਕਰੀਬ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਉਡਾਣ ਭਰੀ। ਫਲਾਈਟ ਲੇਹ ਪਹੁੰਚ ਗਈ ਪਰ ਖਰਾਬ ਮੌਸਮ ਕਾਰਨ ਇਸ ਨੂੰ ਲੇਹ ‘ਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਤੋਂ ਬਾਅਦ ਫਲਾਈਟ ਨੂੰ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੇਹ ‘ਚ ਮੌਸਮ ਠੀਕ ਨਾ ਹੋਣ ‘ਤੇ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਫਲਾਈਟ ਨੂੰ ਮੁੜ ਦਿੱਲੀ ਵੱਲ ਮੋੜ ਦਿੱਤਾ ਗਿਆ ਪਰ ਸਪਾਈਸ ਜੈੱਟ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਈਆਂ ਕਿਉਂਕਿ ਯਾਤਰੀਆਂ ਨੇ ਰਨਵੇਅ ‘ਤੇ ਹੀ ਧਰਨਾ ਦੇ ਦਿੱਤਾ।
ਸਪਾਈਸ ਜੈੱਟ ਦੀ ਫਲਾਈਟ ਐਸਜੀ 123 ਸ਼ਨੀਵਾਰ ਦੇਰ ਰਾਤ ਦਿੱਲੀ ਵਿੱਚ ਲੈਂਡ ਹੋਈ, ਪਰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਉਤਰਦੇ ਹੀ ਯਾਤਰੀਆਂ ਨੇ ਰਨਵੇਅ ‘ਤੇ ਧਰਨਾ ਦੇ ਦਿੱਤਾ। ਯਾਤਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ, ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।
ਯਾਤਰੀਆਂ ਦੇ ਵਿਰੋਧ ਦੇ ਮੱਦੇਨਜ਼ਰ ਸਪਾਈਸ ਜੈੱਟ ਵੱਲੋਂ ਯਾਤਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਸਪਾਈਸ ਜੈੱਟ ਨੇ ਯਾਤਰੀਆਂ ਲਈ ਲੇਹ ਜਾਣ ਦਾ ਵੀ ਪ੍ਰਬੰਧ ਕੀਤਾ ਹੈ। ਐਤਵਾਰ ਨੂੰ ਦਿੱਲੀ ਤੋਂ ਲੇਹ ਜਾ ਰਹੀ ਫਲਾਈਟ ‘ਚ ਸਾਰੇ ਯਾਤਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਕਰ ਲਿਆ ਗਿਆ ਹੈ।