- ਡਾ. ਬੱਸੀ ਨੇ ਲਿਆ ਮੌਕੇ ਦਾ ਜਾਇਜ਼ਾ
- ਸਬੰਧਤ ਅਧਿਕਾਰੀਆਂ ਨੂੰ ਸੜਕ ਦੀ ਜਲਦ ਮੁਰੰਮਤ ਕਰਨ ਦੇ ਵੀ ਦਿੱਤੇ ਨਿਰਦੇਸ਼
ਲੁਧਿਆਣਾ, 22 ਸਤੰਬਰ 2022 – ਸਥਾਨਕ ਮਾਡਲ ਟਾਊਨ, ਨੇੜੇ ਰੇਲਵੇ ਫਾਟਕ ਵਿਖੇ 21 ਸਤੰਬਰ ਸੀ ਸ਼ਾਮ ਨੂੰ ਮੀਂਹ ਪੈਣ ਤੋਂ ਬਾਅਦ ਅਚਾਨਕ ਸੜਕ ਧੱਸ ਗਈ, ਜਿਸ ‘ਤੇ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਨਿਰਦੇਸ਼ਾਂ ਤਹਿਤ ਡਾ. ਸੁਖਚੈਨ ਕੌਰ ਬੱਸੀ ਮੌਕੇ ‘ਤੇ ਪਹੁੰਚੇ।
ਡਾ. ਬੱਸੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਬਣਾਈਆਂ ਗਈਆਂ ਇਨ੍ਹਾਂ ਸੜ੍ਹਕਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਸਗੋਂ ਬੀਤੇ ਸਮੇਂ ਦੌਰਾਨ ਵੀ ਇਸ ਇਲਾਕੇ ਵਿੱਚ ਅਜਿਹੀ ਘਟਨਾ ਵਾਪਰ ਚੁੱਕੀ ਹੈ ਜਦੋਂ ਸੜ੍ਹਕ ਵਿੱਚ ਪਾੜ ਪੈ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਬਣੀਆਂ ਇਨ੍ਹਾਂ ਸੜ੍ਹਕਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ਕੀ ਰਹੀ ਹੈ। ਡਾ. ਬੱਸੀ ਵੱਲੋਂ ਮੋਂਕੇ ‘ਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਦੀ ਬੈਰੀਗੇਟਿੰਗ ਕਰਵਾਈ ਜਾਵੇ ਤਾਂ ਜੋ ਰਾਹਗੀਰ ਦੁਰਘਟਨਾਂ ਦਾ ਸ਼ਿਕਾਰ ਹੋਣ ਤੋਂ ਬੱਚ ਸਕਣ ਅਤੇ ਜਲਦ ਇਸ ਸੜ੍ਹਕ ਦੇ ਹਿੱਸੇ ਦੀ ਮੁਰੰਮਤ ਵੀ ਕਰਵਾਈ ਜਾਵੇ ਤਾਂ ਜੋ ਆਵਾਜਾਈ ਸੁਖਾਵੀਂ ਹੋ ਸਕੇ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਹਰ ਮੁਸ਼ਕਿਲ ਘੜੀ ਵਿੱਚ ਆਮ ਲੋਕਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਮੌਕੇ ਤੇ ਮੌਜੂਦ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਪਹਿਲਾਂ ਵੀ ਕਈ ਵਾਰ ਸੜਕ ਧਸ ਚੁੱਕੀ ਹੈ। ਪਰ ਨਗਰ ਨਿਗਮ ਦੇ ਮੁਲਾਜ਼ਮ ਇਸ ਨੂੰ ਚੰਗੀ ਤਰ੍ਹਾਂ ਠੀਕ ਕਰਨ ਦੇ ਬਜਾਏ ਇਸ ‘ਤੇ ਮਿੱਟੀ ਪਾ ਕੇ ਚਲੇ ਜਾਂਦੇ ਹਨ ਜੋ ਲੋਕਾਂ ਦੇ ਅੱਖਾਂ ਵਿਚ ਮਿੱਟੀ ਪਾਉਣ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਇਸ ਗਲਤੀ ਕਾਰਨ ਇੱਥੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਕਿਉਂਕਿ ਇਸ ਰੋਡ ਤੇ ਹਮੇਸ਼ਾਂ ਵੱਡੀ ਗਿਣਤੀ ਵਿੱਚ ਵਾਹਨ ਗੁਜ਼ਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿਧਾਇਕ ਵੱਲੋਂ ਵੀ ਇਸ ਜਗ੍ਹਾ ਦਾ ਦੌਰਾ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਥੇ ਹੀ ਮੌਕੇ ਤੇ ਪਹੁੰਚੇ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੀ ਸੀਵਰੇਜ ਵਿਚ ਲੀਕੇਜ ਕਾਰਨ ਜਗ੍ਹਾ ਧਸ ਗਈ ਹੈ ਇਸ ਨੂੰ ਜਲਦ ਠੀਕ ਕਰਵਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਇਸ ਦੇ ਨਜ਼ਦੀਕ ਸੜਕ ਧਸ ਗਈ ਸੀ ਜਿਸ ਨੂੰ ਠੀਕ ਕਰਵਾ ਦਿੱਤਾ ਗਿਆ ਸੀ।