ਚੰਡੀਗੜ੍ਹ, 23 ਸਤੰਬਰ 2022 – ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕੇ ਪੰਜਾਬ ‘ਚ ਰਾਘਵ ਚੱਢਾ ਦੀ ਸਰਗਰਮੀ ਵਧਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਏਕਨਾਥ ਸ਼ਿੰਦੇ ਬਣ ਜਾਣਗੇ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਚੱਢਾ ਦੀ ਪੰਜਾਬ ਵਿੱਚ ਸਰਗਰਮੀ ਵਧੀ ਹੈ, ਭਗਵੰਤ ਮਾਨ ਪੀਐਮ ਮੋਦੀ ਦੇ ਨੇੜੇ ਹੋ ਗਏ ਹਨ। ਪਹਿਲਾਂ ਏਕਨਾਥ ਸ਼ਿੰਦੇ ਪੀਐਮ ਕੋਲ ਜਾਂਦੇ ਸਨ ਪਰ ਹੁਣ ਭਗਵੰਤ ਮਾਨ ਜਾ ਰਹੇ ਹਨ।
‘ਆਪ’ ਦੀ ਡੈਲੀਗੇਟ ਕਾਨਫਰੰਸ ‘ਚ ਵਿੱਤ ਮੰਤਰੀ ਅਤੇ ਨੰਬਰ-2 ਮੰਤਰੀ ਹਰਪਾਲ ਚੀਮਾ ਦੇ ਸਟੇਜ ‘ਤੇ ਬੈਠਣ ਬਾਰੇ ਬਾਜਵਾ ਨੇ ਕਿਹਾ ਕਿ ਇਹ ਵੀ ਸੰਕੇਤ ਹੈ ਕਿ ਪੰਜਾਬ ‘ਚ ਵੀ ਮਹਾਰਾਸ਼ਟਰ ਵਰਗਾ ਵਿਕਾਸ ਹੋ ਰਿਹਾ ਹੈ।
ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਨੇ ਖੁਫੀਆ ਵਿਭਾਗ ਦੇ ਇਨਪੁਟ ‘ਤੇ ਅਪਰੇਸ਼ਨ ਲੋਟਸ ਦੀ ਕਹਾਣੀ ਘੜੀ। ਗੁਜਰਾਤ ਅਤੇ ਹਿਮਾਚਲ ਚੋਣਾਂ ਦੇ ਮੱਦੇਨਜ਼ਰ ਖੁਫੀਆ ਵਿਭਾਗ ਵੱਲੋਂ ‘ਆਪ’ ਦੇ 9 ਵਿਧਾਇਕ ਕਾਂਗਰਸ ਅਤੇ 3 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹੋਣ ਦੀ ਰਿਪੋਰਟ ਤੋਂ ਬਾਅਦ ‘ਆਪ’ ਵੱਲੋਂ ਇਸ ਨੂੰ ਆਪਰੇਸ਼ਨ ਲੋਟਸ ਦਾ ਰੰਗ ਦੇ ਦਿੱਤਾ ਗਿਆ।