ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਪੀ.ਏ.ਯੂ. ਦਾ ਕਿਸਾਨ ਮੇਲਾ ਸ਼ੁਰੂ ਹੋਇਆ, ਮਾਨ ਨੇ ਪੌਣ ਪਾਣੀ ਅਤੇ ਧਰਤੀ ਨੂੰ ਬਚਾਉਣ ਦਾ ਹੋਕਾ ਦਿੱਤਾ

ਲੁਧਿਆਣਾ 23 ਸਤੰਬਰ 2022 – ਕਿਸਾਨਾਂ ਦੇ ਭਾਰੀ ਇਕੱਠ ਨਾਲ ਅੱਜ ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਅਰੰਭ ਹੋ ਗਿਆ । ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਸ਼ਾਮਿਲ ਹੋਏ । ਉਹਨਾਂ ਨੇ ਆਪਣੇ ਕਰ-ਕਮਲਾਂ ਨਾਲ ਮੇਲੇ ਦਾ ਉਦਘਾਟਨ ਕਰਨ ਦੇ ਨਾਲ-ਨਾਲ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਮਾਹਿਰਾਂ ਨੂੰ ਸਨਮਾਨਿਤ ਵੀ ਕੀਤਾ ।

ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ ਗੁਮਨਾਮੀ ਦੇ ਦੌਰ ਵਿੱਚ ਪਹਿਲਾਂ ਵੀ ਇਸ ਮੇਲੇ ਵਿੱਚ ਆਉਂਦੇ ਰਹੇ ਹਨ ਅਤੇ ਕਲਾਕਾਰ ਦੇ ਤੌਰ ਤੇ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਰਹੇ ਹਨ । ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਮਾਹਿਰਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਕਿਸਾਨ ਦੇ ਖੇਤਾਂ ਤੱਕ ਜਾਣਾ ਪਵੇਗਾ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਦੁਨੀਆਂ ਵਿੱਚ ਸਭ ਤੋਂ ਉਪਜਾਊ ਭੂਮੀ ਹੈ ਅਤੇ ਪੰਜਾਬੀ ਲੋਕ ਦੁਨੀਆਂ ਦੇ ਸਭ ਤੋਂ ਮਿਹਨਤੀ ਲੋਕ ਹਨ । ਕਣਕ-ਝੋਨੇ ਦਾ ਜੋ ਝਾੜ ਪੰਜਾਬ ਨੇ ਪੈਦਾ ਕੀਤਾ ਹੈ ਉਸਦੀ ਮਿਸਾਲ ਸੰਸਾਰ ਦੀ ਕਿਸੇ ਹੋਰ ਧਰਤੀ ਤੇ ਨਹੀਂ ਮਿਲਦੀ ਪਰ ਅੱਜ ਪੰਜਾਬ ਦੇ ਕਿਸਾਨ ਸਾਹਮਣੇ ਕਈ ਸਮੱਸਿਆਵਾਂ ਹਨ । ਮੁੱਖ ਮੰਤਰੀ ਨੇ ਕਿਹਾ ਕਿ ਸਮੱਸਿਆਵਾਂ ਅਤੇ ਹੱਲ ਵਿਚਕਾਰ ਜੋ ਅੰਤਰ ਹੈ, ਉਸਨੂੰ ਘਟਾਉਣ ਲਈ ਸਾਡੀ ਸਰਕਾਰ ਅਤੇ ਪੀ.ਏ.ਯੂ. ਮਾਹਿਰਾਂ ਨੂੰ ਸਿਰਤੋੜ ਕੋਸ਼ਿਸ਼ ਕਰਨੀ ਪਵੇਗੀ ।

ਉਹਨਾਂ ਕਿਹਾ ਕਿ ਕਿਸਾਨ ਨੇ ਯੂਨੀਵਰਸਿਟੀ ਦੇ ਤਜਰਬਿਆਂ ਤੇ ਅਮਲ ਕਰਨਾ ਹੈ । ਇਸਲਈ ਯੂਨੀਵਰਸਿਟੀ ਨੂੰ ਪੂਰੀ ਤਰਾਂ ਤਜਰਬਿਆਂ ਤੇ ਖਰੇ ਉਤਰ ਕੇ ਹੀ ਸਿਫ਼ਾਰਸ਼ ਕਿਸਾਨ ਤੱਕ ਪਹੁੰਚਾਉਣੀ ਪਵੇਗੀ । ਉਹਨਾਂ ਕਿਹਾ ਕਿ ਪੰਜਾਬ ਸੈਂਟਰਲ ਪੂਲ ਵਿੱਚ ਸਭ ਤੋਂ ਵੱਧ ਝੋਨਾ ਪਾਉਂਦਾ ਹੈ । ਭਾਵੇਂ ਪੰਜਾਬ ਦੀ ਮੁੱਖ ਖੁਰਾਕ ਚੌਲ ਨਹੀਂ । ਇਸਦਾ ਅਰਥ ਇਹ ਹੈ ਕਿ ਅਸੀਂ ਫ਼ਸਲ ਦੇ ਰੂਪ ਵਿੱਚ ਆਪਣੇ ਕੁਦਰਤੀ ਸਰੋਤ ਦੇਸ਼ ਦੇ ਦੂਜੇ ਹਿੱਸਿਆਂ ਨੂੰ ਦੇ ਰਹੇ ਹਾਂ । ਉਹਨਾਂ ਕਿਹਾ ਕਿ ਦਾਲਾਂ ਅਤੇ ਹੋਰ ਫ਼ਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਮੰਡੀਕਰਨ ਗੰਭੀਰ ਸਮੱਸਿਆ ਬਣੀ ਹੋਈ ਹੈ । ਨਾਲ ਹੀ ਸ਼੍ਰੀ ਮਾਨ ਨੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਸਰਕਾਰ ਦਾ ਦਿ੍ਰੜ ਨਿਸ਼ਚਾ ਦੁਹਰਾਇਆ । ਉਹਨਾਂ ਕਿਹਾ ਕਿ ਮੱਕੀ ਦੀ ਬਿਜਾਈ ਤੇ ਮੁਆਵਜ਼ਾ ਦੇ ਕੇ ਉਸਨੂੰ ਝੋਨੇ ਦੇ ਬਰਾਬਰ ਦੀ ਮੁਨਾਫ਼ੇਯੋਗ ਫ਼ਸਲ ਬਨਾਉਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ । ਨਾਲ ਹੀ ਉਹਨਾਂ ਕਿਹਾ ਕਿ ਖੇਤੀ ਮਜ਼ਬੂਰੀ ਦੀ ਥਾਂ ਲਾਹੇਵੰਦ ਕਿੱਤਾ ਬਣੇ । ਇਸਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ।

ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਨਮਾਨਿਤ ਕਿਸਾਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ । ਉਹਨਾਂ ਕਿਹਾ ਕਿ ਖੇਤੀ ਹੁਣ ਨਵੀਆਂ ਤਕਨਾਲੋਜੀਆਂ ਨਾਲ ਲਗਾਤਾਰ ਜੁੜ ਰਹੀ ਹੈ । ਇਸਲਈ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ । ਮੁੱਖ ਮੰਤਰੀ ਨੇ ਪਰਾਲੀ ਦੀ ਸੰਭਾਲ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਅਤੇ ਕਿਹਾ ਕਿ ਝੋਨੇ ਦੀ ਉਪਜ ਨਾਲ ਪਰਾਲੀ ਪੈਦਾ ਹੀ ਹੋਣੀ ਹੈ ਪਰ ਸਰਕਾਰ ਆਉਂਦੇ ਕੁਝ ਦਿਨਾਂ ਵਿੱਚ ਇਸਦਾ ਢੁੱਕਵਾਂ ਹੱਲ ਕਰਨ ਲਈ ਵਚਨਬੱਧ ਹੈ ।

ਉਹਨਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ । ਪਰ ਇਸ ਸੰਬੰਧੀ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਵੀ ਉਹਨਾਂ ਦਿੱਤਾ । ਨਾਲ ਹੀ ਉਹਨਾਂ ਕਿਹਾ ਕਿ 18 ਅਕਤੂਬਰ ਨੂੰ ਪਰਾਲੀ ਦੀ ਸੰਭਾਲ ਦੇ ਇੱਕ ਯੂਨਿਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਦਾ ਘੇਰਾ ਵਧਾ ਕੇ ਲੀਚੀ, ਕਿੰਨੂ, ਗੰਨਾ, ਗੁੜ, ਪੰਜੀਰੀ ਅਤੇ ਪਿੰਨੀਆਂ ਆਦਿ ਉਤਪਾਦ ਬਾਹਰਲੇ ਦੇਸ਼ਾਂ ਵਿੱਚ ਭੇਜੇ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ । ਉਹਨਾਂ ਨੇ ਖੇਤੀ ਖਰਚਿਆਂ ਦੇ ਨਾਲ-ਨਾਲ ਸਮਾਜਕ ਖਰਚਿਆਂ ਨੂੰ ਵੀ ਕਾਬੂ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ।

ਮੇਲੇ ਦੀ ਪ੍ਰਧਾਨਗੀ ਕਰ ਰਹੇ ਮੇਲੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ । ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਕਿਸਾਨ ਮੇਲਿਆਂ ਦਾ ਇਤਿਹਾਸ ਪੰਜਾਬ ਦੀ ਖੇਤੀ ਦੇ ਵਿਕਾਸ ਦੀ ਕਹਾਣੀ ਹੈ । ਸ. ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀ ਮਾਹਿਰਾਂ ਦੇ ਯੋਗਦਾਨ ਅੱਗੇ ਉਹਨਾਂ ਦਾ ਸਿਰ ਝੁਕਦਾ ਹੈ। ਉਹਨਾਂ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਦੇ ਸਹਿਯੋਗ ਦੀ ਸਖਤ ਲੋੜ ਹੈ । ਕਿਸਾਨਾਂ ਨੂੰ ਪੀ.ਏ.ਯੂ. ਦੇ ਬੀਜ ਅਤੇ ਸਾਹਿਤ ਖ੍ਰੀਦਣ ਲਈ ਵੀ ਖੇਤੀਬਾੜੀ ਮੰਤਰੀ ਨੇ ਪ੍ਰੇਰਿਤ ਕੀਤਾ ।

ਇਸ ਮੌਕੇ ਆਪਣੇ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਮੇਲਾ ਲੱਗਣਾ ਬਹੁਤ ਸੁੱਭ ਸਗਨ ਹੈ। ਉਨਾਂ ਕਿਸਾਨਾਂ ਨੂੰ ਕਿਹਾ ਕਿ ਇਸ ਮੇਲੇ ਵਿੱਚੋਂ ਸੁਧਰੇ ਬੀਜ, ਖੇਤੀ ਸਾਹਿਤ, ਫਲਾਂ ਤੇ ਸਬਜੀਆਂ ਦੀ ਪਨੀਰੀ ਆਦਿ ਖਰੀਦ ਕੇ ਲਿਜਾਣ। ਨਾਲ ਹੀ ਇਨਾਂ ਮੇਲਿਆਂ ਦਾ ਦੂਹਰਾ ਮੰਤਵ ਖੇਤੀ ਖੋਜਾਂ ਨੂੰ ਕਿਸਾਨਾਂ ਤਕ ਪਹੁੰਚਾਉਣ ਅਤੇ ਕਿਸਾਨਾਂ ਕੋਲੋਂ ਸਿੱਖਣ ਦਾ ਵੀ ਹੁੰਦਾ ਹੈ। ਡਾ. ਗੋਸਲ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਲਗਾਤਾਰ ਜਾਰੀ ਰਹੀਆਂ। ਡਾ. ਗੋਸਲ ਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਦਾ ਸੁਨੇਹਾ ਦਿੱਤਾ। ਉਨਾਂ ਕਿਹਾ ਕਿ ਖੇਤੀ ਦੀ ਆਮਦਨ ਵਧਾਉਣ ਦੇ ਨਾਲ ਹੀ ਖਰਚਿਆਂ ਤੇ ਕਾਬੂ ਰੱਖਣ ਦੀ ਲੋੜ ਹੈ। ਡਾ. ਗੋਸਲ ਨੇ ਕਿਸਾਨਾਂ ਨੂੰ ਅਗਲੇ ਫ਼ਸਲੀ ਸੀਜ਼ਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਲਗਾਤਾਰ ਯੂਨੀਵਰਸਿਟੀ ਨਾਲ ਜੁੜੇ ਰਹਿਣ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਖੇਤੀ ਖੋਜਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨਾਂ ਦੱਸਿਆ ਕਣਕ ਦੀ ਨਵੀਂ ਪੀ ਬੀ ਡਬਲਯੂ 826 ਅਤੇ ਪੀ ਬੀ ਡਬਲਯੂ ਚਪਾਤੀ ਕਾਸ਼ਤ ਲਈ ਜਾਰੀ ਕੀਤੀ ਗਈ ਹੈ ਜੋ ਪਿਛਲੇ ਦਿਨੀਂ ਰਾਸਟਰੀ ਪੱਧਰ ਤੇ ਪਛਾਣੀ ਗਈ ਹੈ। ਉਨਾਂ ਜਵੀ ਦੀ ਨਵੀਂ ਕਿਸਮ ਅਤੇ ਹੋਰ ਫਸਲਾਂ ਦੀਆਂ ਸਿਫਾਰਸ਼ ਕਿਸਮਾਂ ਬਾਰੇ ਵੀ ਦੱਸਿਆ। ਨਾਲ ਹੀ ਡਾ ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ।

ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ ਨੇ ਕਹੇ। ਉਨਾਂ ਦੱਸਿਆ ਕਿ ਪੀ ਏ ਯੂ ਨੇ ਹਰ ਹਾਲ ਨਵੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਹੈ। ਉਹਨਾਂ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦੇ ਹੱਲ ਲਈ ਪੀ.ਏ.ਯੂ. ਮਾਹਿਰਾਂ ਨਾਲ ਸੰਪਰਕ ਬਣਾਈ ਰੱਖਣ ਦੀ ਅਪੀਲ ਕੀਤੀ ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਲੋਕ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਨਿਰਮਲ ਜੌੜਾ ਨੇ ਕੀਤਾ ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ. ਨਿਰਮਲ ਜੌੜਾ ਨੇ ਕਹੇ ।

ਇਸ ਮੌਕੇ ਪਸ਼ੂ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਲੁਧਿਆਣਾ ਪੱਛਮੀ ਤੋਂ ਐੱਮ ਐੱਲ ਏ. ਸ਼੍ਰੀ ਗੁਰਪ੍ਰੀਤ ਗੋਗੀ, ਜਗਰਾਓ ਦੇ ਐੱਮ ਐੱਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ, ਐੱਮ ਐੱਲ ਏ. ਸਾਹਨੇਵਾਲ ਹਰਦੀਪ ਸਿੰਘ ਮੁੰਡੀਆ ਤੋਂ ਇਲਾਵਾ ਆਤਮ ਨਗਰ ਤੋਂ ਐੱਲ ਐੱਲ ਏ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਉੱਤਰੀ ਤੋਂ ਐੱਮ ਐੱਲ ਏ. ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਦੱਖਣੀ ਤੋਂ ਐੱਮ ਐੱਲ ਏ. ਰਾਜਿੰਦਰਪਾਲ ਕੌਰ ਦੇ ਨਾਲ-ਨਾਲ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਵਿੱਤ ਸਕੱਤਰ ਸ਼੍ਰੀ ਸਰਬਜੀਤ ਸਿੰਘ ਆਈ ਏ ਐੱਸ, ਵਧੀਕ ਮੁੱਖ ਸਕੱਤਰ ਸ਼੍ਰੀ ਵੀਨੂੰ ਪ੍ਰਸ਼ਾਦ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਮੌਜੂਦ ਸਨ । ਇਹਨਾਂ ਤੋਂ ਇਲਾਵਾ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹਰਦਿਆਲ ਸਿੰਘ ਗਜ਼ਨੀਪੁਰ, ਮੈਡਮ ਕਿਰਨਜੋਤ ਕੌਰ ਗਿੱਲ ਵੀ ਹਾਜ਼ਰ ਰਹੇ ।

ਮੁਖ ਮੰਤਰੀ, ਖੇਤੀ ਮੰਤਰੀ, ਪਸ਼ੂ ਪਾਲਣ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ ਯੂਨਵਿਰਸਿਟੀ ਵੱਲੋਂ ਯਾਦ ਚਿੰਨਾਂ ਨਾਲ ਸਨਮਾਨਿਆ ਗਿਆ । ਨਾਲ ਹੀ ਮੁੱਖ ਮੰਤਰੀ ਨੇ ਅਗਾਂਹਵਧੂ ਕਿਸਾਨਾਂ ਅਤੇ ਵਿਗਿਆਨੀਆਂ ਦਾ ਸਨਮਾਨ ਕੀਤਾ । ਇਸ ਮੌਕੇ ਪੀ.ਏ.ਯੂ. ਦਾ ਖੇਤੀ ਸਾਹਿਤ ਅਤੇ ਪਰਾਲੀ ਦੀ ਸੰਭਾਲ ਬਾਰੇ ਗੀਤਾਂ ਦੀ ਸੀ ਡੀ ਰਿਲੀਜ਼ ਕੀਤੀ ਗਈ । ਦਰਬਾਰ ਸਾਹਿਬ ਦੀਆਂ ਬੇਰੀਆਂ ਦੀ ਸੰਭਾਲ ਕਰਨ ਵਾਲੇ ਪੀ.ਏ.ਯੂ. ਮਾਹਿਰਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਹੋਇਆ । ਮੁੱਖ ਮੰਤਰੀ ਨੇ ਡਾ. ਸੁਖਪਾਲ ਸਿੰਘ ਅਤੇ ਡਾ. ਅਸ਼ੋਕ ਕੁਮਾਰ ਦਾ ਵੀ ਸਨਮਾਨ ਕੀਤਾ ।

ਪੀ.ਏ.ਯੂ. ਦੇ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਸੈਸ਼ਨ ਵਿਚ ਜਾਣਕਾਰੀ ਦਿੱਤੀ।
ਪੰਜਾਬ ਦੇ ਲੋਕ ਕਲਾਕਾਰਾਂ ਸੁਰਜੀਤ ਭੁੱਲਰ, ਸੁਰਭੀ ਮਾਨ ਅਤੇ ਪੰਡਿਤ ਸੋਮਨਾਥ ਕਵੀਸ਼ਰ ਰੋਡੇ ਨੇ ਹਾਜ਼ਰ ਕਿਸਾਨਾਂ ਦਾ ਮਨੋਰੰਜਨ ਕੀਤਾ ।
ਮੇਲੇ ਵਿੱਚ ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ.ਏ.ਯੂ. ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਤਰਰਾਜੀ ਆਟੋ ਮੋਬਾਈਲ ਚੋਰੀ ਰੈਕੇਟ ਦਾ ਪਰਦਾਫਾਸ਼, ਦੋ ਕਾਬੂ, 11 ਮਾਮਲੇ ਟਰੇਸ, ਛੇ ਗੱਡੀਆਂ ਬਰਾਮਦ

ਸਿੱਖਿਆ ਪ੍ਰੋਵਾਈਡਰਜ਼ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਨੂੰ ਤਿੰਨ ਮਹੀਨਿਆਂ ਵਿਚ ਮੁਕੰਮਲ ਕੀਤਾ ਜਾਵੇਗਾ: ਹਰਜੋਤ ਬੈਂਸ