ਫਿਰੋਜ਼ਪੁਰ, 25 ਸਤੰਬਰ 2022 – 2 ਮਹੀਨੇ ਪਹਿਲਾਂ 1 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਦੇ ਫਰਜ਼ੀ ਮਾਮਲੇ ‘ਚ 2 ਵਿਅਕਤੀਆਂ ਨੂੰ ਫਸਾਉਣ ਦੇ ਮਾਮਲੇ ‘ਚ ਫਿਰੋਜ਼ਪੁਰ ਨਾਰਕੋਟਿਕਸ ਸੈੱਲ ਦੇ ਭਗੌੜੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਰਾਜਸਥਾਨ ਦੀ ਝਾਲਾਵਾੜ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸਿਰ ‘ਤੇ ਪੱਗ ਬੰਨ੍ਹਣ ਵਾਲੇ ਇੰਸਪੈਕਟਰ ਨੇ ਕੇਸ ਦਰਜ ਹੋਣ ਤੋਂ ਬਾਅਦ ਆਪਣਾ ਭੇਸ ਬਦਲ ਲਿਆ ਸੀ।
ਪੰਜਾਬ ਪੁਲਿਸ ਦੇ ਇਨਪੁਟ ‘ਤੇ ਪੁਲਿਸ ਨੇ ਮੱਧ ਪ੍ਰਦੇਸ਼ ਬਾਰਡਰ ‘ਤੇ ਨਾਕਾਬੰਦੀ ਕਰ ਦਿੱਤੀ ਅਤੇ ਦੋਸ਼ੀ ਪੁਲਿਸ ਦੇ ਹੱਥੇ ਚੜ੍ਹ ਗਿਆ। ਉਨ੍ਹਾਂ ਨਾਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨਾਲ ਬਹਿਸ ਵੀ ਕੀਤੀ, ਜਿਸ ’ਤੇ ਝਾਲਾਵਾੜ ਪੁਲੀਸ ਨੇ ਅਮਨ ਸ਼ਾਂਤੀ ਭੰਗ ਕਰਨ ਦਾ ਕੇਸ ਦਰਜ ਕਰਕੇ ਪੰਜਾਬ ਪੁਲੀਸ ਨੂੰ ਸੂਚਿਤ ਕੀਤਾ। ਸ਼ਨੀਵਾਰ ਨੂੰ ਫਿਰੋਜ਼ਪੁਰ ਪੁਲਸ ਨੇ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਫ਼ਿਰੋਜ਼ਪੁਰ ਪੁਲੀਸ ਨੇ 3 ਮੁਲਜ਼ਮਾਂ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ, ਏਐਸਆਈ ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਸੀ। ਫ਼ਿਰੋਜ਼ਪੁਰ ਪੁਲਿਸ ਨੇ ਭਗੌੜੇ ਏਐਸਆਈ ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਅਤੇ ਇੱਕ ਹੋਰ ਏਐਸਆਈ ਰਾਜਪਾਲ ਸਿੰਘ ਨੂੰ ਊਨਾ (ਐਚਪੀ) ਤੋਂ ਕਾਬੂ ਕਰ ਲਿਆ ਸੀ। ਏਐਸਆਈ ਰਾਜਪਾਲ ਸਿੰਘ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ। ਪੁਲਿਸ ਨੂੰ 2 ਮਹੀਨਿਆਂ ਤੋਂ ਨਾਰਕੋਟਿਕਸ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੀ ਤਲਾਸ਼ ਸੀ।
ਰਾਜਸਥਾਨ ਝਾਲਾਵਾੜ ਪੁਲਿਸ ਦੇ ਅਨੁਸਾਰ, 21 ਸਤੰਬਰ ਨੂੰ ਪੰਜਾਬ ਪੁਲਿਸ ਨੇ ਇਨਪੁਟ ਦਿੱਤੇ ਸਨ ਕਿ ਬਰਖਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ (52) ਉਹਨਾਂ ਦੇ ਆਉਣ ਤੋਂ ਪਹਿਲਾਂ ਇੱਕ ਲਗਜ਼ਰੀ ਕਾਰ ਵਿੱਚ ਆਪਣੇ ਸਾਥੀ ਸਮੇਤ ਗੋਆ ਤੋਂ ਪੁਣੇ ਅਤੇ ਇੰਦੌਰ ਦੇ ਰਸਤੇ ਕੋਟਾ ਵੱਲ ਰਵਾਨਾ ਹੋਇਆ ਸੀ। ਝਾਲਾਵਾੜ ਪੁਲਿਸ ਨੇ ਰਾਏਪੁਰ ਕਸਬੇ ਤੱਕ ਨਾਕਾਬੰਦੀ ਕੀਤੀ ਹੋਈ ਹੈ। ਮੱਧ ਪ੍ਰਦੇਸ਼ ਵੱਲ ਆ ਰਹੀ ਕਾਰ ਰੋਕੀ ਗਈ। ਇਨ੍ਹਾਂ ਦੀ ਪਛਾਣ ਪਰਮਿੰਦਰ ਅਤੇ ਉਸ ਦੇ ਸਾਥੀ ਹਰਮੀਤ ਵਜੋਂ ਹੋਈ ਹੈ। ਜਦੋਂ ਮੁਲਜ਼ਮਾਂ ਨੇ ਮੁਲਾਜ਼ਮਾਂ ਨਾਲ ਝਗੜਾ ਕੀਤਾ ਤਾਂ ਅਮਨ ਭੰਗ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਪੰਜਾਬ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ।
ਸੁਰਿੰਦਰ ਲਾਂਬਾ, ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੁਲਿਸ ਦੇ ਇਨਪੁਟ ‘ਤੇ ਰਾਜਸਥਾਨ ਦੀ ਝਾਲਾਵਾੜ ਪੁਲਿਸ ਨੇ ਦੋਸ਼ੀ ਇੰਸਪੈਕਟਰ ਪਰਮਿੰਦਰ ਅਤੇ ਉਸਦੇ ਸਾਥੀ ਡਰਾਈਵਰ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਸੀ। ਝਾਲਾਵਾੜ ਪੁਲੀਸ ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਅਤੇ ਮੁਲਜ਼ਮਾਂ ਨੂੰ ਆਪਣੇ ਨਾਲ ਲੈ ਕੇ ਇੱਥੇ ਪੁੱਜੀ ਅਤੇ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ।