- 2.10 ਲੱਖ ਰੁਪਏ ਜੁਰਮਾਨਾ
- ਲੇਬਰ ਦਾ ਠੇਕੇਦਾਰ ਬਰੀ
ਜਲੰਧਰ, 29 ਸਤੰਬਰ 2022 – ਕਰੀਬ ਅੱਠ ਸਾਲ ਪਹਿਲਾਂ ਸ਼ਾਹਕੋਟ ਵਿੱਚ ਪਨਸਪ ਦੇ ਤਿੰਨ ਗੋਦਾਮਾਂ ਵਿੱਚੋਂ ਕਣਕ ਦੀਆਂ 67704 ਬੋਰੀਆਂ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ ਪੰਜ ਸਾਲ ਦੀ ਕੈਦ ਅਤੇ 2.10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਕ ਹੋਰ ਇੰਸਪੈਕਟਰ ਚਮਨ ਲਾਲ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਹੈ, ਜਦੋਂ ਕਿ ਲੇਬਰ ਠੇਕੇਦਾਰ ਸੁਖਮਿੰਦਰ ਪਾਲ ਨੂੰ ਦੋਸ਼ ਸਾਬਤ ਨਾ ਹੋਣ ‘ਤੇ ਬਰੀ ਕਰ ਦਿੱਤਾ ਗਿਆ ਸੀ।
ਥਾਣਾ ਵਿਜੀਲੈਂਸ ਬਿਊਰੋ ਵਿੱਚ 5 ਨਵੰਬਰ 2014 ਨੂੰ ਆਈਪੀਸੀ ਦੀਆਂ ਧਾਰਾਵਾਂ 409, 120ਬੀ ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ਾਹਕੋਟ ਖੇਤਰ ਵਿੱਚ ਪਨਸਪ ਅਧੀਨ ਪੈਂਦੇ ਤਿੰਨ ਗੋਦਾਮਾਂ ਵਿੱਚ ਰੱਖੀ ਕਣਕ ਦੀਆਂ ਬੋਰੀਆਂ ਦੀ ਗਿਣਤੀ ਕੀਤੀ ਗਈ ਤਾਂ 67704 ਬੋਰੀਆਂ ਘੱਟ ਨਿਕਲੀਆਂ। ਜਾਂਚ ਵਿਚ ਕਿਹਾ ਗਿਆ ਕਿ ਇਕ ਸਾਜ਼ਿਸ਼ ਦੇ ਤਹਿਤ ਇੰਸਪੈਕਟਰ ਕੇਵਲ ਕ੍ਰਿਸ਼ਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਘਪਲਾ ਕੀਤਾ ਸੀ। ਵਿਭਾਗ ਨੇ ਦੋਸ਼ਾਂ ਦੇ ਘੇਰੇ ਵਿੱਚ ਆਏ ਇੰਸਪੈਕਟਰ ਅਤੇ ਹੋਰਨਾਂ ਨੂੰ ਮੁਅੱਤਲ ਕਰ ਦਿੱਤਾ ਸੀ।