ਜਲੰਧਰ, 29 ਸਤੰਬਰ 2022 – ਪੰਜਾਬ ਦੇ ਤਰਨਤਾਰਨ ‘ਚ ਚਰਚ ਦਾ ਵਿਵਾਦ ਰੁਕਿਆ ਨਹੀਂ ਸੀ ਕਿ ਜਲੰਧਰ ਜ਼ਿਲੇ ‘ਚ ਚਰਚ ‘ਚ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ। ਜਲੰਧਰ ਦੇ ਮਕਸੂਦਾਂ ਅਧੀਨ ਪੈਂਦੇ ਪਿੰਡ ਨੰਦਨਪੁਰ ‘ਚ ਸ਼ਰਾਰਤੀ ਅਨਸਰਾਂ ਵੱਲੋਂ ਚਰਚ ‘ਤੇ ਹਮਲਾ ਕਰਕੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ‘ਚ ਤਣਾਅ ਦਾ ਮਾਹੌਲ ਹੈ।
ਚਰਚ ‘ਚ ਭੰਨਤੋੜ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਈਸਾਈ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਵਿੱਚ ਭਾਰੀ ਰੋਸ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਲੋਕ ਜਲੰਧਰ ਪਹੁੰਚ ਰਹੇ ਹਨ। ਚਰਚ ਦੇ ਪ੍ਰਬੰਧਕਾਂ ਨੇ ਚਰਚ ‘ਚ ਭੰਨਤੋੜ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਚਰਚਾਂ ‘ਤੇ ਹਮਲੇ ਸੋਚੀ ਸਮਝੀ ਚਾਲ ਅਤੇ ਸਾਜ਼ਿਸ਼ ਤਹਿਤ ਕਰਵਾਏ ਜਾ ਰਹੇ ਹਨ। ਜੇ ਚਰਚ ‘ਤੇ ਹਮਲਿਆਂ ਦੀਆਂ ਘਟਨਾਵਾਂ ‘ਤੇ ਰੋਕ ਨਾ ਲਾਈ ਗਈ ਤਾਂ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਜਾਣਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ ਦਾ ਮਾਹੌਲ ਵੀ ਖਰਾਬ ਕਰ ਸਕਦੀਆਂ ਹਨ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮਕਸੂਦਾਂ ਦੇ ਐਸਐਚਓ ਮਨਜੀਤ ਸਿੰਘ ਰੰਧਾਵਾ ਪੁਲੀਸ ਪਾਰਟੀ ਸਮੇਤ ਪਿੰਡ ਨੰਦਰਪੁਰ ਦੇ ਕੈਥੋਲਿਕ ਚਰਚ ਵਿੱਚ ਪੁੱਜੇ। ਉਨ੍ਹਾਂ ਅਣਪਛਾਤੇ ਸ਼ਰਾਰਤੀ ਅਨਸਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਬੰਧਕਾਂ ਨੇ ਐਸਐਸਪੀ ਜਲੰਧਰ ਦੇਹਾਤੀ ਸਵਰਨਦੀਪ ਸਿੰਘ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।