ਅੰਮ੍ਰਿਤਸਰ, 30 ਸਤੰਬਰ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਹੁਣ ਸਿਆਸਤ ਵਿੱਚ ਵੀ ਉਨ੍ਹਾਂ ਦੀ ਸਾਥੀ ਬਣਨ ਜਾ ਰਹੀ ਹੈ। ਡਾ: ਗੁਰਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ‘ਆਪ’ ਮਹਿਲਾ ਵਿਧਾਇਕਾਂ ਅਤੇ ਸਮਰਥਕਾਂ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਇਕੱਲੀ ਅੰਮ੍ਰਿਤਸਰ ਪਹੁੰਚੀ ਹੈ।
ਸਵੇਰੇ 11 ਵਜੇ ਦੇ ਕਰੀਬ ਡਾ: ਗੁਰਪ੍ਰੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ | ਇਸ ਦੌਰਾਨ ਉਨ੍ਹਾਂ ਨੇ ਸ਼ਾਂਤ ਮਨ ਨਾਲ ਗੁਰੂਘਰ ਦੀ ਪਰਿਕਰਮਾ ਕੀਤੀ, ਪਰ ਕਿਸੇ ਨਾਲ ਗੱਲ ਨਹੀਂ ਕੀਤੀ। ਇਸ ਉਪਰੰਤ ਗੱਲਬਾਤ ਕਰਦਿਆਂ ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਸਿਰਫ਼ ਗੁਰੂਆਂ ਦਾ ਆਸ਼ੀਰਵਾਦ ਲੈਣ ਆਈ ਸੀ | ਉਨ੍ਹਾਂ ਦਾ ਮਨੋਰਥ ਸਰਬੱਤ ਦੇ ਭਲੇ ਲਈ ਅਰਦਾਸ ਕਰਨਾ ਸੀ। ਹੁਣ ਉਹ ਕੁਝ ਮਹਿਲਾ ਵਿਧਾਇਕਾਂ ਅਤੇ ‘ਆਪ’ ਸਮਰਥਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣਨਗੇ।
ਡਾ: ਗੁਰਪ੍ਰੀਤ ਕੌਰ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ਦੇ ਦੌਰੇ ਕਰ ਰਹੇ ਹਨ। ਲੋਕਾਂ ਨਾਲ ਵੀ ਗੱਲਬਾਤ ਕੀਤੀ। 5 ਦਿਨ ਪਹਿਲਾਂ ਉਹ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਹੁੰਚੀ ਸੀ, ਜਿੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੱਸੀਆਂ। ਵੀਰਵਾਰ ਨੂੰ ਉਹ ਪਟਿਆਲਾ ਵਿਖੇ ਸਨ, ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਕਾਲੀ ਮਾਤਾ ਮੰਦਰ ਵੀ ਗਏ।

