ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਅੱਜ 1 ਅਕਤੂਬਰ ਤੋਂ, ਹਰ ਦਾਣਾ ਖਰੀਦਿਆ ਜਾਵੇਗਾ: ਲਾਲ ਚੰਦ ਕਟਾਰੂਚੱਕ

  • ਖੁਰਾਕ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਮੰਤਰੀ ਰਾਜਪੁਰਾ ਮੰਡੀ ਤੋਂ ਕਰਨਗੇ ਸ਼ੁਰੂਆਤ
  • ਝੋਨੇ ਦੀ ਗੈਰ ਕਾਨੂੰਨੀ ਆਮਦ ਰੋਕਣ ਲਈ ਅੰਤਰ ਰਾਜੀ ਬੈਰੀਅਰਾਂ ਉੱਤੇ ਨਾਕੇ ਸਥਾਪਿਤ
  • ਜ਼ਿਲਾ ਪੱਧਰ ਉੱਤੇ ਫਲਾਇੰਗ ਦਸਤੇ ਗਠਿਤ

ਚੰਡੀਗੜ੍ਹ, 1 ਅਕਤੂਬਰ 2022 – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ 1 ਅਕਤੂਬਰ ਤੋਂ ਸ਼ੁਰੂ ਹੋ ਰਹੇ ਖਰੀਫ ਮਾਰਕੀਟਿੰਗ ਸੀਜ਼ਨ 2022-23 ਦੌਰਾਨ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਕਿਉਂਕਿ ਕਿਸਾਨ ਇਸ ਖੇਤੀ ਪ੍ਰਧਾਨ ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ।

ਇਹ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਖਰੀਫ ਸੀਜਨ 2022-23 ਦੌਰਾਨ ਸਮੂਹ ਖਰੀਦ ਏਜੰਸੀਆਂ ਵੱਲੋਂ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਘੱਟੋ ਘਟ ਸਮਰਥਨ ਮੂਲ ਰੁ. 2060/- ਪ੍ਰਤੀ ਕੁਇੰਟਲ ਝੋਨਾ ਗ੍ਰੇਡ-ਏ ਅਤੇ ਰੁ. 2040/- ਪ੍ਰਤੀ ਕੁਇੰਟਲ ਝੋਨਾ ਕਾਮਨ ਵਰਾਇਟੀ, ਤੇ ਖਰੀਦ ਕੀਤੀ ਜਾਵੇਗੀ। ਝੋਨੇ ਦੀ ਖਰੀਦ ਮਿਤੀ 01.10.2022 ਤੋਂ ਸ਼ੁਰੂ ਹੋਵੇਗੀ ਜੋ ਕਿ ਮਿਤੀ 30.11.2022 ਤੱਕ ਚੱਲੇਗੀ। ਭਾਰਤ ਸਰਕਾਰ ਵੱਲੋਂ ਸਰਕਾਰੀ ਖਰੀਦ ਏਜੰਸੀਆਂ ਲਈ ਕੁੱਲ 184.45 ਲੱਖ ਮੀ.ਟਨ ਝੋਨੇ ਦੀ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਜਦੋਂ ਕਿ ਰਾਜ ਸਰਕਾਰ ਵੱਲੋਂ ਕੁੱਲ 191 ਲੱਖ ਮੀ.ਟਨ ਝੋਨੇ ਦੀ ਖਰੀਦ ਦੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਖਰੀਫ ਸੀਜਨ 2022-23 ਦੌਰਾਨ ਪੰਜਾਬ ਮੰਡੀ ਬੋਰਡ ਵੱਲੋਂ 1804 ਰਵਾਇਤੀ ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ ਅਤੇ ਸੀਜਨ ਦੌਰਾਨ ਭੀੜ ਭੜੱਕੇ ਦੀ ਸਥਿਤੀ ਤੋਂ ਬਚਣ ਲਈ 364 ਆਰਜੀ ਮੰਡੀਆਂ ਨੋਟੀਵਾਈ ਕੀਤੀਆਂ ਗਈਆਂ ਹਨ। ਝੋਨੇ ਦੀ ਖਰੀਦ ਲਈ ਲੋੜੀਂਦੇ ਬਾਰਦਾਨੇ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ।

ਉਨਾਂ ਅੱਗੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਜਿਲ੍ਹਾ ਪੱਧਰ ਤੇ ਕੰਟਰੋਲ ਰੂਮ ਅਤੇ ਮੰਡੀਵਾਈਜ਼ ਸ਼ਿਕਾਇਤ ਨਿਵਾਰਨ ਕਮੇਟੀਆਂ ਬਣਾਈਆ ਗਈਆਂ ਹਨ ਜਿਸ ਦੌਰਾਨ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਵਿਭਾਗ ਵੱਲੋਂ ਮੁੱਖ ਦਫਤਰ ਦੇ ਪੱਧਰ ਤੇ ਵੀ ਕਿਸਾਨਾਂ ਦੀਆਂ ਸ਼ਿਕਾਇਤਾਂ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।

ਉਨਾਂ ਇਹ ਵੀ ਕਿਹਾ ਕਿ ਅਕਤੂਬਰ ਮਹੀਨੇ ਲਈ ਆਰ.ਬੀ.ਆਈ ਵੱਲੋਂ ਰੁ. 36,999 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਮੰਜੂਰ ਕੀਤੀ ਜਾ ਚੁੱਕੀ ਹੈ। ਲੇਬਰ ਅਤੇ ਟਰਾਂਸਪੋਰਟ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ ਅਤੇ ਸਬੰਧਤ ਠੇਕੇਦਾਰਾਂ ਨੂੰ ਪਾਲਿਸੀ ਅਨੁਸਾਰ ਲਿਫਟਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

‘ਦਿ ਪੰਜਾਬ ਕਸਟਮ ਮਿਲਿੰਗ ਪਾਲਿਸੀ ਫਾਰ ਖਰੀਫ 2022-23’, ਪੰਜਾਬ ਮੰਤਰੀ ਮੰਡਲ ਤੋਂ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾ ਚੁੱਕੀ ਹੈ। ਪੰਜਾਬ ਵਿੱਚ ਸਾਰੀਆਂ ਰਾਈਸ ਮਿੱਲਾਂ ਦੀ ਰਜਿਸਟਰੇਸ਼ਨ ਅਤੇ ਅਲਾਟਮੈਂਟ ਤੋਂ ਪਹਿਲਾਂ ਹਦਾਇਤਾਂ ਅਨੁਸਾਰ ਈ-ਪੀ.ਵੀਜ਼ (ਈ-ਚੈਕਿੰਗ) ਕੀਤੀਆਂ ਜਾ ਰਹੀਆਂ ਹਨ ਜਿਸ ਅਨੁਸਾਰ ਹੁਣ ਤੱਕ 4315 ਰਾਈਸ ਮਿਲਾਂ ਦੀ ਇੰਸਪੈਕਸ਼ਨ ਕੀਤੀ ਜਾ ਚੁੱਕੀ ਹੈ ਅਤੇ 3500 ਰਾਈਸ ਮਿਲਾਂ ਦੀ ਆਨ ਲਾਈਨ ਅਲਾਟਮੈਂਟ ਕੀਤੀ ਜਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਸੀਜਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਬੋਗਸ/ਗੈਰ-ਕਾਨੂੰਨੀ ਖਰੀਦ ਤੋਂ ਬਚਣ ਲਈ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਨੂੰ ਅੰਤਰ ਰਾਜੀ ਬੈਰੀਅਰਾਂ ਤੇ ਨਾਕੇ ਲਗਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਵਿਭਾਗ ਦੇ ਡਾਇਰੈਕਟਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਖੁਰਾਕ ਤੇ ਸਪਲਾਈਜ਼ ਵਿਭਾਗ ਵੱਲੋਂ ਕਮਿਸ਼ਨਰ ਕਰ ਅਤੇ ਆਬਕਾਰੀ ਵਿਭਾਗ ਨੂੰ ਮੋਬਾਇਲ ਵਿੰਗ ਨੂੰ ਚੌਕਸੀ ਰੱਖਣ ਅਤੇ ਜਿਹੜੇ ਵਪਾਰੀਆਂ ਵੱਲੋਂ ਝੋਨੇ ਦੀ ਪ੍ਰਾਈਵੇਟ ਖਰੀਦ ਕੀਤੀ ਜਾਣੀ ਹੈ ਉਨ੍ਹਾਂ ਦੀਆਂ ਜੀ.ਐਸ.ਟੀ ਰਿਟਰਨਾਂ ਦੀ ਜਾਂਚ ਕਰਨ ਲਈ ਲਿਖਿਆ ਗਿਆ ਹੈ ਤਾਂ ਜੋ ਕਿਸੇ ਕਿਸਮ ਦੀ ਹੇਰਾਫੇਰੀ ਤੋਂ ਬਚਿਆ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਦੇ ਪੱਧਰ ਤੇ ਉੜਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਰੋਜਾਨਾ ਜਿਲ੍ਹੇ ਦੀਆਂ ਮੰਡੀਆਂ ਵਿੱਚ ਆ ਰਹੇ ਝੋਨੇ ਦੀ ਆਮਦ ਦੀ ਨਿਗਰਾਨੀ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਅਤੇ ਚੁਕਾਈ ਲਈ ਵਚਨਬੱਧ: ਕੁਲਦੀਪ ਧਾਲੀਵਾਲ

ਦੇਸ਼ ‘ਚ ਅੱਜ ਤੋਂ ਸ਼ੁਰੂ ਹੋ ਰਹੀ ਹੈ 5G ਇੰਟਰਨੈਟ ਸੇਵਾ, PM ਮੋਦੀ ਕਰਨਗੇ ਲਾਂਚ